Wednesday, April 12, 2017

ਬਚਿਤ੍ਰ ਨਾਟਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ - ਜਰਮਨ ਘਟਨਾਕ੍ਰਮ (ਮਾਰਚ 25, 2017 - ਪੰਜਾਬੀ ਅਨੁਵਾਦ)

ਸੋਚਵਾਨ ਸਿੱਖ ਬਚਿਤ੍ਰ ਨਾਟਕ ਗ੍ਰੰਥ ਅਥਵਾ, ਮਗਰੋਂ ਰੱਖੇ ਨਾਂ ਅਨੁਸਾਰ, ਦਸਮ ਗ੍ਰੰਥ ਦੇ ਮੁੱਦੇ ਸਬੰਧੀ ਚਿਰੋਕਣੇ ਫ਼ਿਕਰਮੰਦ ਚੱਲੇ ਆ ਰਹੇ ਹਨ। ਜੇ ਏਸ ਵਿਵਾਦ ਦੀ ਗ਼ੈਰ-ਵਾਜਬ ਹੱਠ ਨਾਲ ਪੈਰਵੀ ਕੀਤੀ ਜਾਂਦੀ ਰਹੀ ਤਾਂ ਇਹ ਸਿੱਖ ਕੌਮ ਨੂੰ ਦੋਫ਼ਾੜ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜੇ ਏਸ ਨੂੰ ਇੱਕ ਜਾਅਲੀ ਗ੍ਰੰਥ ਅਤੇ ਫੁੱਟ ਪਾਉਣ ਦੀ ਮਨਸ਼ਾ ਤਹਿਤ ਖੜ੍ਹਾ ਕੀਤਾ ਗਿਆ ਗੁਰੂ ਦਾ ਸ਼ਰੀਕ ਸਮਝਦੇ ਹਨ, ਉਹ ਇਹ ਵੀ ਸਮਝਦੇ ਹਨ ਕਿ ਇਹ ਆਪਣੇ ਏਸ ਮਕਸਦ ਵਿੱਚ ਕੇਵਲ ਉਦੋਂ ਤਾਈਂ ਸਫ਼ਲ ਹੋ ਸਕਦਾ ਹੈ ਜਦੋਂ ਤੱਕ ਏਸ ਦਾ ਵਿਸ਼ਾ-ਵਸਤੂ, ਕ੍ਰਿਤਤਵ, ਉਤਪਤੀ ਅਤੇ ਉਦੇਸ਼ ਅਗਿਆਤ ਰਹਿੰਦੇ ਹਨ। ਉਹ ਇਹਨਾਂ ਪੱਖਾਂ ਬਾਰੇ ਵਿਆਪਕ ਪ੍ਰਸਾਰਣ ਵਾਲੀ ਵਿਚਾਰ-ਗੋਸ਼ਟੀ ਚਾਹੁੰਦੇ ਹਨ ਤਾਂ ਕਿ ਹਰ ਸਿੱਖ ਆਪੋ-ਆਪਣਾ ਫ਼ੈਸਲਾ ਲੈ ਸਕੇ। ਜਿਹੜੇ ਏਸ ਨੂੰ ਲਾਸਾਨੀ ਦਸਮ ਗੁਰੂ ਵੱਲੋਂ ਲਿਖਿਆ ਹੋਣ ਵਿੱਚ ਸੱਚਮੁੱਚ ਵਿਸ਼ਵਾਸ ਰੱਖਦੇ ਹਨ ਉਹ ਏਸ ਦੀ ਪ੍ਰਮਾਣਿਕਤਾ ਸਵਿਕਾਰਨ ਵਾਲਿਆਂ ਦੇ ਆਪਸੀ ਦਾਇਰੇ ਵਿੱਚ ਚਰਚਾ ਤੋਂ ਸਿਵਾਏ ਹੋਰ ਕਿਧਰੇ ਵੀ ਅਜਿਹੀ ਬਹਿਸ ਨਹੀਂ ਚਾਹੁੰਦੇ।

ਜਰਮਨੀ ਦੇ ਕੁਝ ਫ਼ਿਕਰਮੰਦ ਸਿੱਖਾਂ, ਜਿਨ੍ਹਾਂ ਵਿੱਚ ਨਿਰਮਲ ਸਿੰਘ ਹੰਸਪਾਲ, ਰਣਜੀਤ ਸਿੰਘ, ਮਲਕੀਤ ਸਿੰਘ ਜੋਸਨ ਅਤੇ ਗੁਰਦੀਪ ਸਿੰਘ ਪਰਦੇਸੀ ਸ਼ਾਮਲ ਹਨ, ਨੇ ਵਿਚਾਰ-ਗੋਸ਼ਟੀ ਲਈ ਸਹਿਯੋਗ ਦੇਣ ਅਤੇ ਇਸ ਦੀ ਮੇਜ਼ਬਾਨੀ ਕਰਨ ਦਾ ਫ਼ੈਸਲਾ ਕੀਤਾ। ਉਹਨਾਂ ਇੰਗਲੈਂਡ ਦੇ ਸਿੰਘਨਾਦ ਰੇਡੀਉ ਨੂੰ ਏਸ ਸਬੱਬ ਦੀ ਵਿਆਪਕ ਮਸ਼ਹੂਰੀ ਕਰਨ ਦਾ ਸੱਦਾ ਦਿੱਤਾ। ਏਸ ਬਹਿਸ-ਮੁਬਾਹਸੇ ਦੀ ਰਿਕਾਰਡਿੰਗ ਅਤੇ ਏਸ ਦੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹਿਸ ਲਈ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੀ ਟੀਮ ਭੇਜਣ ਦੀ ਬੇਨਤੀ ਕੀਤੀ। ਕਮੇਟੀ ਨੇ ਪ੍ਰਿੰਸੀਪਲ ਵਰਿਆਮ ਸਿੰਘ, ਪ੍ਰੋਫ਼ੈਸਰ ਅਮਰਜੀਤ ਸਿੰਘ, ਡੌਕਟਰ ਇੰਦਰਜੀਤ ਸਿੰਘ ਗੋਗੋਆਣੀ ਅਤੇ ਦੋ ਹੋਰਨਾਂ ਦੀ ਸ਼ਮੂਲੀਅਤ ਵਾਲਾ ਵਫ਼ਦ ਏਸ ਸ਼ਰਤ 'ਤੇ ਨਿਯੁਕਤ ਕੀਤਾ ਕਿ ਦੂਸਰੀ ਧਿਰ ਵੱਲੋਂ ਪ੍ਰੋਫ਼ੈਸਰ ਦਰਸ਼ਨ ਸਿੰਘ ਵੀ ਹਿੱਸਾ ਲੈਣਗੇ। ਇਹ ਬੜਾ ਅਣਸੁਖਾਵਾਂ ਅਤੇ ਅਸ਼ੋਭਨੀਕ ਸੀ ਕਿਉਂਕਿ ਦਰਸ਼ਨ ਸਿੰਘ ਇੱਕ ਮਸਰੂਫ਼ ਆਦਮੀ ਹਨ ਅਤੇ ਕਿਉਂਕਿ ਵਿਵਾਦ ਵਿਚਲੀ ਇੱਕ ਧਿਰ ਇਹ ਸ਼ਰਤ ਨਹੀਂ ਠੋਸ ਸਕਦੀ ਕਿ ਉਸ ਦੀ ਵਿਰੋਧੀ ਧਿਰ ਦੀ ਨੁਮਾਇੰਦਗੀ ਕੌਣ ਕਰੇ। ਏਸ ਨੂੰ ਮੰਨ ਲਿਆ ਗਿਆ ਅਤੇ ਬੜੀ ਮੁਸ਼ਕਿਲ ਨਾਲ ਏਸ ਦਾ ਬੰਦੋਬਸਤ ਹੋ ਸਕਿਆ। ਦਸਮ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨਣੋਂ ਇਨਕਾਰੀ ਧਿਰ ਦੀ ਨੁਮਾਇੰਦਗੀ ਲਈ ਪੰਜਾਬ 'ਚੋਂ ਨਿਯੁਕਤ ਕੀਤੇ ਪੰਜ ਜਣਿਆਂ 'ਚੋਂ ਕੇਵਲ ਤਿੰਨ - ਪ੍ਰੋਫ਼ੈਸਰ ਗੁਰਦਰਸ਼ਨ ਸਿੰਘ, ਸਰਦਾਰ ਦਲਬੀਰ ਸਿੰਘ ਅਤੇ ਗੁਰਤੇਜ ਸਿੰਘ - ਹੀ ਜਰਮਨੀ ਪਹੁੰਚਣ 'ਚ ਕਾਮਯਾਬ ਹੋ ਸਕੇ। ਸ਼੍ਰੋਮਣੀ ਕਮੇਟੀ ਵਫ਼ਦ 3 ਮਾਰਚ 2017 ਨੂੰ ਪੁੱਜ ਗਿਆ ਸੀ, ਦੂਸਰੇ 6 ਮਾਰਚ ਨੂੰ ਪਹੁੰਚੇ। ਦਰਸ਼ਨ ਸਿੰਘ 8 ਮਾਰਚ ਨੂੰ ਬਾਅਦ ਦੁਪਹਿਰ ਉਹਨਾਂ ਨਾਲ ਰਲ਼ੇ।

ਬਹਿਸ ਲਈ ਮਿਥੇ ਦਿਨ ਤੋਂ ਇੱਕ ਦਿਨ ਪਹਿਲਾਂ, 7 ਮਾਰਚ ਨੂੰ, ਦੋਵੇਂ ਵਫ਼ਦ ਹੰਸਪਾਲ ਦੇ ਨਿਵਾਸ, ਜਿੱਥੇ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਠਹਿਰੇ ਹੋਏ ਸਨ, 'ਤੇ ਦੁਪਹਿਰ ਦੇ ਖਾਣੇ ਲਈ ਇੱਕਠੇ ਹੋਏ। ਜਦੋਂ ਗੁਰਦਰਸ਼ਨ ਸਿੰਘ ਤੇ ਗੁਰਤੇਜ ਸਿੰਘ ਪੁੱਜੇ, ਦਲਬੀਰ ਸਿੰਘ ਤੇ ਹਰਜਿੰਦਰ ਸਿੰਘ ਦਿਲਗੀਰ ਦੀ ਪਹਿਲਾਂ ਹੀ ਬਹਿਸ ਚੱਲ ਰਹੀ ਸੀ। ਨਵੇਂ ਪੁੱਜੇ ਦੋਵੇਂ ਜਣੇ ਵੀ ਏਸ ਵਿੱਚ ਸ਼ਾਮਲ ਹੋ ਗਏ। ਬਹਿਸ ਇੱਕ ਅਜਿਹੇ ਪੜਾਅ 'ਤੇ ਪੁੱਜ ਗਈ ਜਿੱਥੇ ਸ਼੍ਰੋਮਣੀ ਕਮੇਟੀ ਵਿਦਵਾਨ ਬਾਕੀ ਸਾਰੀ ਪੁਸਤਕ ਨੂੰ ਤਿਲਾਂਜਲੀ ਦੇਣ ਦੇ ਇਰਾਦੇ ਤਹਿਤ ਕੇਵਲ 'ਅੰਮ੍ਰਿਤ ਬਾਣੀਆਂ' ਦੀ ਹੋਣੀ ਪ੍ਰਤੀ ਚਿੰਤਾਤੁਰ ਦਿਖਾਈ ਦਿੱਤੇ। ਦੂਸਰੀ ਧਿਰ ਨੇ ਏਸ ਤੱਥ ਵੱਲ ਇਸ਼ਾਰਾ ਕਰਦਿਆਂ ਬਹਿਸ ਨੂੰ ਹੋਰ ਸੀਮਤ ਕਰਨ ਦਾ ਯਤਨ ਕੀਤਾ ਕਿ ਬਹੁਤ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਅਹਿਮ ਅਧਿਕਾਰੀਆਂ ਨੇ ਏਸ ਪੁਸਤਕ ਦੇ ਚਰਿਤ੍ਰੋ ਪਾਖਿਆਨ ਅਧਿਆਇ ਸਬੰਧੀ ਬੜੀ ਸੋਚੀ-ਵਿਚਾਰੀ ਰਾਇ ਦਿੱਤੀ ਸੀ। ਉਹਨਾਂ ਨਿਰਣਾ ਦਿੱਤਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਨੇ ਵੀ ਪੰਜ ਸਤਿਕਾਰਯੋਗ ਵਿਦਵਾਨਾਂ (ਡੌਕਟਰ ਤਾਰਨ ਸਿੰਘ, ਡੌਕਟਰ ਪ੍ਰੇਮ ਪ੍ਰਕਾਸ਼ ਸਿੰਘ, ਪ੍ਰੋਫ਼ੈਸਰ ਗੁਲਵੰਤ ਸਿੰਘ, ਡੌਕਟਰ ਜੀਤ ਸਿੰਘ ਸੀਤਲ ਅਤੇ ਭਾਈ ਰਣਧੀਰ ਸਿੰਘ) ਦੇ ਮਾਰਗ-ਦਰਸ਼ਨ ਅਨੁਸਾਰ ਚਰਿਤ੍ਰੋ ਪਾਖਿਆਨ ਦੇ 900 ਪੰਨੇ ਕੱਢ ਕੇ ਅਖੌਤੀ ਦਸਮ ਗ੍ਰੰਥ ਪ੍ਰਕਾਸ਼ਿਤ ਕੀਤਾ ਸੀ। ਦੂਸਰੀ ਧਿਰ ਨੇ ਆਪਣੀ ਹੀ ਸੰਸਥਾ ਜਾਂ ਯੂਨੀਵਰਸਿਟੀ ਵਾਲਿਆਂ ਦੀ ਰਾਇ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਤਿੰਨੇ ਵਿਦਵਾਨਾਂ ਨੇ ਏਸੇ ਨੁਕਤੇ 'ਤੇ ਜ਼ੋਰ ਦਿੱਤਾ ਕਿ ਇਹ ਇੱਕ ਕਮੇਟੀ ਦੇ ਮਹਿਜ਼ ਇੱਕ ਡਿਪਟੀ ਸੈਕਟਰੀ ਵੱਲੋਂ ਲਿਖੀ ਹੋਈ ਚਿੱਠੀ ਹੈ ਅਤੇ ਗੁਰਤੇਜ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਏਸ 'ਤੇ ਅੜੀ ਨਾ ਕਰੇ ਕਿਉਂਕਿ ਅਜਿਹਾ ਕੀਤਿਆਂ ਓਸ ਦੀ ਛਵੀ ਖਰਾਬ ਹੋਏਗੀ। ਇਹ ਸਰਾਸਰ ਗ਼ਲਤ ਸੀ ਪਰ ਖ਼ਾਮੋਸ਼ੀਪੂਰਵਕ ਮੰਨ ਲਿਆ ਗਿਆ ਕਿਉਂਕਿ ਕਿਸੇ ਵੀ ਤਲਖ਼ਕਲਾਮੀ ਨੂੰ ਮੌਕਾ ਦੇਣਾ ਵਾਜਬ ਨਹੀਂ ਸੀ।

ਫ਼ਿਰ ਗੁਰਤੇਜ ਸਿੰਘ ਨੇ, ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ, ਸੁਝਾਅ ਦਿੱਤਾ ਕਿ ਦੋਵੇਂ ਧਿਰਾਂ 'ਅੰਮ੍ਰਿਤ ਬਾਣੀਆਂ' ਦੇ ਮੁੱਦੇ 'ਤੇ ਅਸਹਿਮਤ ਰਹਿਣ ਲਈ ਸਹਿਮਤ ਹੋ ਸਕਦੀਆਂ ਹਨ। ਜਨਤਕ ਸੰਵਾਦ ਵਿੱਚੋਂ ਕੁੜੱਤਣ ਖ਼ਤਮ ਕਰਨ ਲਈ ਦੋਵੇਂ ਧਿਰਾਂ 'ਅੰਮ੍ਰਿਤ ਬਾਣੀਆਂ' ਦੇ ਵਿਸ਼ੇ 'ਤੇ ਆਪਣੇ ਐਲਾਨੀਆ ਵਿਚਾਰਾਂ ਦੀ ਪੈਰਵੀ ਤੇ ਪ੍ਰਚਾਰ ਜਾਰੀ ਰੱਖਣ ਅਤੇ ਇਹਨਾਂ ਦੇ ਪੱਖ ਤੇ ਵਿਰੋਧ ਵਿੱਚ ਸ਼ਾਇਸਤਾ ਸੰਵਾਦ ਦੀ ਰੀਤ ਅਨੁਸਾਰ ਆਪੋ-ਆਪਣੀਆਂ ਦਲੀਲਾਂ ਦਾਗ਼ਦੇ ਰਹਿਣ ਜਦੋਂ ਕਿ ਇਹਨਾਂ ਸਬੰਧੀ ਫ਼ੈਸਲੇ ਦੀ ਚੋਣ ਸਿੱਖਾਂ 'ਤੇ ਵਿਅਕਤੀਗਤ ਤੌਰ 'ਤੇ ਛੱਡ ਦਿੱਤੀ ਜਾਵੇ। ਏਸ ਦਾ ਮਤਲਬ ਇਹ ਹੋਵੇਗਾ ਕਿ ਆਖ਼ਰਕਾਰ ਦੋਵੇਂ ਧਿਰਾਂ ਇੱਕ-ਦੂਜੇ ਨੂੰ 'ਬੇਗਾਨਾ' ਸਮਝੇ ਬਿਨਾ ਆਪਣੇ-ਆਪਣੇ ਵਿਚਾਰ ਦੀ ਪੈਰਵੀ ਕਰਨਗੀਆਂ। ਇਹ ਉਹਨਾਂ ਕੁਝ ਲੋਕਾਂ ਲਈ ਇੱਕ ਸੁਪਨਾ ਸਾਕਾਰ ਹੋਣ ਦੇ ਤੁਲ ਸੀ ਜਿਹੜੇ ਪਾਹੁਲ ਨੂੰ ਇੱਕ ਕਰਮ-ਕਾਂਡ ਨਹੀਂ ਬਲਕਿ ਇੱਕ ਵਚਨਬੱਧਤਾ ਮੰਨਦੇ ਹਨ ਜਿਸ ਦੀ ਕਾਰਗਰਤਾ ਏਸ 'ਤੇ ਮੁਨੱਸਰ ਨਹੀਂ ਕਿ ਇਸ ਨੂੰ ਛਕਾਉਣ ਸਮੇਂ ਕੀ ਉਚਾਰਿਆ ਗਿਆ। ਉਹਨਾਂ ਕੋਲ ਆਪਣੀ ਹਿਮਾਇਤ ਲਈ ਇਤਿਹਾਸ ਮੌਜੂਦ ਸੀ। ਬਾਕੀ ਦੇ ਉਹ ਸਾਰੇ, ਜਿਹੜੇ ਏਸ ਸਮੁੱਚੇ ਗ੍ਰੰਥ ਨੂੰ ਰੂਹਾਨੀ ਗਿਆਨ-ਦਾਤਾ ਮੰਨਦੇ ਸਨ, ਆਪਣੇ ਜ਼ੋਖ਼ਮ 'ਤੇ ਏਸ ਨੂੰ ਪੜ੍ਹਨਾ ਜਾਰੀ ਰੱਖ ਸਕਦੇ ਸਨ।

ਸ਼੍ਰੋਮਣੀ ਕਮੇਟੀ ਦੇ ਤਿੰਨੇਂ ਵਿਦਵਾਨ ਏਸ ਤਜਵੀਜ਼ ਨਾਲ ਤੁਰੰਤ ਸਹਿਮਤ ਹੋ ਗਏ। ਗੁਰਤੇਜ ਸਿੰਘ ਨੂੰ ਸੁਖਦਾਇਕ ਹੈਰਾਨੀ ਹੋਈ ਭਾਵੇਂ ਕਿ ਉਹ ਸਿੱਖਾਂ ਦੀ ਤਕਦੀਰ ਪ੍ਰਤੀ ਚਿੰਤਾਤੁਰ ਸਭ ਸੰਜੀਦਾ ਵਿਦਵਾਨਾਂ ਤੋਂ ਅਜਿਹੀ ਤਵੱਕੋਂ ਰੱਖਦਾ ਹੈ। ਉਸ ਨੇ ਆਪਣੇ ਸੁਝਾਅ ਨੂੰ ਮੁੜ-ਮੁੜ ਵੱਖੋ-ਵੱਖ ਸ਼ਬਦਾਂ ਦੇ ਵਾਕੰਸ਼ਾਂ ਰਾਹੀਂ ਤਿੰਨ ਵਾਰ ਸੁਣਾਇਆ ਤਾਂ ਕਿ ਇਹ ਯਕੀਨੀ ਬਣੇ ਕਿ ਕੁਝ ਵੀ ਅਸਪਸ਼ਟ ਨਾ ਰਹੇ। ਤਿੰਨੇਂ ਵਿਦਵਾਨਾਂ ਨੇ ਹਰ ਵਾਰ ਸੁਤੰਤਰਤਾ ਪੂਰਵਕ ਸਹਿਮਤੀ ਪ੍ਰਗਟਾਈ। ਉਹ ਤਾਂ ਸਗੋਂ ਗੁਰਦਰਸ਼ਨ ਸਿੰਘ ਅਤੇ ਦਲਬੀਰ ਸਿੰਘ ਨੂੰ ਇਹ ਪੁੱਛਣ ਦੀ ਹੱਦ ਤੱਕ ਚਲੇ ਗਏ ਕਿ ਕੀ ਉਹ ਦੋਵੇਂ ਏਸ ਤਜਵੀਜ਼ ਨਾਲ ਮੁਤਫਿਕ ਹਨ। ਇਹ ਬੜੀ ਵੱਡੀ ਗੱਲ ਸੀ ਅਤੇ ਅੱਧਿਓਂ ਬਹੁਤਾ ਕੰਮ ਨੇਪਰੇ ਚੜ੍ਹ ਗਿਆ ਸੀ। ਜੇ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਡੂੰਘੀ ਸੋਚ-ਵਿਚਾਰ 'ਚੋਂ ਉਪਜੀ ਆਪਣੀ ਰਾਇ 'ਤੇ ਡਟੇ ਰਹਿੰਦੇ ਤਾਂ ਉਹ ਸਮੁੱਚੀ ਸਿੱਖ ਕੌਮ ਦੀ ਵਾਹ-ਵਾਹ ਖੱਟ ਸਕਦੇ ਸਨ। ਉਹ ਏਸ ਚਿਰਕਾਲੀ ਤਿੱਖੇ ਵਿਵਾਦ ਨੂੰ ਇੱਕ ਅਸਲੋਂ ਨਵਾਂ ਅਤੇ ਅਤਿ ਸੁਖਾਵਾਂ ਮੋੜ ਦੇਣ ਵਿੱਚ ਯੋਗਦਾਨ ਪਾ ਸਕਦੇ ਸਨ।

ਦੁਪਹਿਰ ਦੇ ਖਾਣੇ ਤੋਂ ਬਾਅਦ ਦੀ ਵਿਚਾਰ-ਗੋਸ਼ਟੀ ਅਤੇ 7 ਮਾਰਚ ਦੀ ਦੇਰ-ਸ਼ਾਮ ਵਿਚਾਲੇ ਕੁਝ ਵਾਪਰਿਆ ਜਿਸ ਦੀ ਹੋਰ ਕਿਸੇ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਜੋ ਪਤਾ ਹੈ ਉਹ ਕੇਵਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਨੇ ਅਗਲੇ ਦਿਨ ਕਰਵਾਈ ਜਾਣ ਵਾਲੀ ਬਹਿਸ ਵਿੱਚ ਹਿੱਸਾ ਨਾ ਲੈਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ ਆਪਣੇ ਮਿੱਤਰਾਂ ਨੂੰ ਅਨੇਕਾਂ ਫ਼ੋਨ ਕੀਤੇ। ਉਹਨਾਂ ਜਿਹੜੇ ਕਾਰਣ ਦੱਸੇ ਉਹ ਚਾਰ ਦਿਨਾਂ ਮਗਰੋਂ ਚੋਖੇ ਮਸ਼ਹੂਰ ਕੈਨੇਡੀਅਨ ਸਿੱਖ ਰੇਡੀਓ 'ਤੇ ਹੋਈ ਇੱਕ ਆਹਮੋ-ਸਾਹਮਣੀ ਬਹਿਸ ਦੌਰਾਨ ਨਿਆਂਸੰਗਤ ਨਹੀਂ ਜਾਪੇ।

ਜਰਮਨੀ ਵਿਚਲੇ ਬਿਰਤਾਂਤ ਬਾਰੇ ਬਾਕੀ ਸਭ ਕੁਝ ਦੀ ਤਾਂ ਸਭ ਨੂੰ ਭਲੀ-ਭਾਂਤ ਜਾਣਕਾਰੀ ਹੈ ਪਰ ਉਪਰੋਕਤ ਪਹਿਲੂ ਲੋਕ-ਨਜ਼ਰਾਂ ਤੋਂ ਲੁਕਿਆ ਰਹਿ ਜਾਣਾ ਸੀ ਜੇਕਰ ਮੈਨੂੰ ਵਿਸ਼ੇਸ਼ ਤੌਰ 'ਤੇ ਏਸ ਵਿਸ਼ੇ 'ਤੇ ਲਿਖਣ ਲਈ sikhnewsexpress.com ਵਾਲੇ ਜਸਨੀਤ ਸਿੰਘ ਵੱਲੋਂ ਨਾ ਕਿਹਾ ਜਾਂਦਾ। ਅਖ਼ੀਰ ਸੌ ਹੱਥ ਰੱਸਾ ਸਿਰੇ 'ਤੇ ਗੰਢ ਵਜੋਂ ਮੈਂ ਇਹੋ ਕਹਿੰਦਾ ਹਾਂ ਕਿ ਅਸੀਂ ਸਾਰਿਆਂ ਨੇ ਅਤਿਅੰਤ ਸੰਤਾਪ-ਗ੍ਰਸਤ ਸਿੱਖਾਂ ਨੂੰ ਕੁਝ ਕੁ ਰਾਹਤ ਪਹੁੰਚਾਉਣ ਦਾ ਇੱਕ ਸ਼ਾਨਦਾਰ ਮੌਕਾ ਗੁਆ ਦਿੱਤਾ ਹੈ।

No comments:

Post a Comment