Friday, June 1, 2012

ਮੰਗਿਆ ਚੜ੍ਹਨ ਨੂੰ, ਮਿਲਿਆ ਚੁੱਕਣ ਨੂੰ

      ਕੱਲ੍ਹ (17 ਮਈ 2012) ਦਾ ਦਿਨ ਬਹੁਤ ਸੁਭਾਗਾ ਦਿਨ ਸੀ; ਪ੍ਰੰਤੂ ਨਹੀਂ ਵੀ ਸੀ। ਸੁਭਾਗਾ ਏਸ ਲਈ ਸੀ ਕਿ ਸਿੱਖ ਗਗਨ ਮੰਡਲ ਵਿੱਚ ਨਵੀਂ ਚਰਚਾ ਛਿੜੀ ਜਿਸ ਤੋਂ ਭਲੇ ਦੀ ਆਸ ਜਾਗੀ। ਨਹੀਂ, ਕੇਵਲ ਏਸ ਲਈ ਨਹੀਂ ਸੀ ਕਿ ਪੰਜਾਬ ਦੇ ਅੰਬਰ ਉੱਤੇ ਬੇਹੱਦ ਡੂੰਘੀ ਗਹਿਰ ਛਾਈ ਰਹੀ, ਕਈ ਹਵਾਈ ਉਡਾਨਾਂ ਰੱਦ ਕਰਨੀਆਂ ਪਈਆਂ, ਪਰ ਏਸ ਲਈ ਵੀ ਕਿ ਸਿੱਖ ਮੰਡਲ ਵਿੱਚ ਆਸਾਂ ਦੀ ਕਿਰਨ ਬਖੇਰਦੀਆਂ ਸੰਭਾਵਨਾਵਾਂ ²ਸ਼ਾਮ ਢਲਦਿਆਂ ਤੱਕ ਨੂਰਾਨੀ ਬੁਰਕੇ ਲਾਹ ਕੇ ਨਿਰਾਸ਼ਾ ਦੀਆਂ ਕਾਲੀਆਂ ਬਦਲੀਆਂ ਦਾ ਰੂਪ ਧਾਰ ਚੁੱਕੀਆਂ ਸਨ।
ਸਵੇਰੇ ਖ਼ਬਰਾਂ ਪੜ੍ਹੀਆਂ ਤਾਂ ਪਤਾ ਲਗਿਆ ਕਿ ਖਾਲਸਾ ਕੌਲਿਜ ਦੇ ਪ੍ਰਿੰਸੀਪਲ ਨੇ ਸਿੱਖਾਂ ਲਈ ਵਿਆਹ ਕਾਨੂੰਨ ਦਾ ਨਵਾਂ ਖਰੜਾ ਬਣਾਇਆ ਹੈ ਜਿਸ ਉੱਤੇ ਅੰਮ੍ਰਿਤਸਰ ਵਿੱਚ ਭਰਪੂਰ ਚਰਚਾ ਹੋਈ ਹੈ। ਕੌਮ ਅੰਗੜਾਈਆਂ ਲੈਂਦੀ ਜਾਗਦੀ ਜਾਪੀ। ਥੋੜਾ ਜਿਹਾ ਖੱਦਸ਼ਾ ਸੀ ਕਿ ਅਜਿਹਾ ਖਰੜਾ ਤਾਂ 2007 ਤੋਂ ਮੌਜੂਦ ਹੈ, ਏਸਨੂੰ ਦੁਬਾਰੇ ਬਣਾਉਣ ਦੀ ਕਿਹੜੀ ਲੋੜ ਸੀ ਕਦੇ ਕੁਈ ਮੁੜ-ਮੁੜ ਕੇ ਪਹੀਆ ਈਜਾਦ ਕਰਦਾ ਹੈ? ਪਰ ਇਹ ਸੋਚ ਕੇ ਤਸੱਲੀ ਹੋਈ ਕਿ ਨਵਾਂ ਬਣਾਇਆ ਹੈ, ਬੜਾ ਗੱਜ ਵੱਜ ਕੇ ਕੌਮ ਦੀ ਸਮੂਹਿਕ ਯਾਦ ਵੱਲ ਠੇਲ੍ਹਿਆ ਹੈ, ਯਕੀਨਨ ਪਹਿਲੇ ਨਾਲੋਂ ਚੰਗਾ ਹੀ ਹੋਵੇਗਾ।
ਘਰੇਲੂ ਲਾਇਬ੍ਰੇਰੀ ਵਿੱਚ ਪਹੁੰਚਦਿਆਂ ਸਾਰ ਏਸਨੂੰ ਲੱਭਣ ਦੀ ਕੋਸ਼ਿਸ਼ ਜਾਰੀ ਕਰ ਦਿੱਤੀ। ਬ੍ਰਿਟਿਸ਼ ਸਿੱਖ ਫੈਡਰੇਸ਼ਨ ਨੇ ਅਤੇ ਹੋਰ ਕਈਆਂ ਨੇ ਇਹ ਖਰੜਾ ਭੇਜਿਆ ਸੀ ਪਰ ਉਹਨਾਂ ਵਿੱਚੋਂ ਕੋਈ ਵੀ ਖੁਲ੍ਹ ਨ ਸਕਿਆ। ਇੰਟਰਨੈਟ ਦੇ ਵੀ ਸੌ-ਸੌ ਪੁਆੜੇ ਹਨ। ਅਥਰਾ ਮਨ ਬੇ-ਲਗਮ ਵਛੇਰੇ ਵਾਂਗ ਏਧਰ-ਓਧਰ ਛੜੱਪੇ ਮਾਰਨ ਵਿੱਚ ਰੁਝ ਗਿਆ। ਚਾਰ ਵਜੇ ਡੇ ਐਂਡ ਨਾਈਟ ਵਾਲੇ ਦਲਜੀਤ ਅਮੀ ਨੇ ਪ੍ਰਿੰਸੀਪਲ ਵਾਲਾ ਖਰੜਾ ਭੇਜਿਆ ਅਤੇ ਉਹ ਖੁਲ੍ਹ ਗਿਆ। ਮਨ ਨੂੰ ਲਗਾਮ ਪਾ ਕੇ ਮੋੜਿਆ ਅਤੇ ਤੁਰੰਤ ਓਸਦਾ ਮੁਤਾਲਿਆ ਸ਼ੁਰੂ ਕਰ ਦਿੱਤਾ।
ਏਸੇ ਸਮੇਂ ਵਿਦੇਸ਼ੋਂ ਇੱਕ ਸੁਨੇਹਾ ਆਇਆ ਕਿ ਰਾਜ ਸਭਾ ਵਿੱਚ ਪੇਸ਼ ਕੀਤੇ ਖਰੜੇ ਦੀ ਨਕਲ ਚਾਹੀਦੀ ਹੈ। ਇਹ ਵੀ ਕਾਫੀ ਸਮੇਂ ਤੋਂ ਭੰਬਲਭੂਸਾ ਬਣਿਆ ਹੋਇਆ ਸੀ। ਏਸਦੀ ਚਰਚਾ ਸਭ ਪਾਸੇ ਸੀ ਪਰ ਪ੍ਰਤੱਖ ਦਰਸ਼ਨ ਦੁਰਲੱਭ ਸਨ। ਸ਼ਾਮੀਂ ਅਜੀਤਗੜ੍ਹ ਵਾਲੇ ਹਰਦੀਪ ਸਿੰਘ ਕੋਲੋਂ ਅਚਾਨਕ ਇਹ ਵੀ ਪ੍ਰਾਪਤ ਹੋ ਗਿਆ। ਏਸ ਉੱਤੇ ਤਰਲੋਚਨ ਸਿੰਘ ਦੇ ਦਸਤਖ਼ਤ ਵੀ ਹਨ। ਹਰਦੀਪ ਸਿੰਘ ਦਾ ਆਖਣਾ ਸੀ ਕਿ ਇਹੋ ਬਿੱਲ ਅੱਜ ਪਾਰਲਾਮੈਂਟ ਦੇ ਵਿਚਾਰ ਅਧੀਨ ਹੈ ਅਤੇ ਤੁਰੰਤ ਕਾਨੂੰਨ ਬਣਨ ਜਾ ਰਿਹਾ ਹੈ। ਏਸ ਦਾਅਵੇ ਨੂੰ ਸੱਚ ਮੰਨ ਕੇ ਹੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਤਰਲੋਚਨ ਸਿੰਘ ਕੋਲੋਂ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨ ਹੋਈ। ਮੋਬਾਇਲ ਫ਼ੋਨ ਓਸ ਨੇ ਚੁੱਕਿਆ ਨਹੀਂ ਅਤੇ ਘਰੋਂ ਪਤਾ ਲੱਗਿਆ ਕਿ ਪਟਿਆਲੇ ਲਈ ਘਰੋਂ ਨਿਕਲ ਚੁੱਕਿਆ ਹੈ। ਇਹ ਖਰੜਾ ਉਹ ਸੀ ਜਿਸ ਨੂੰ ਬਿਨਾ ਵੇਖੇ ਆਸਾਂ ਬੱਝੀਆਂ ਸਨ ਕਿ ਧਾਰਾ 25  ਦੇ ਬਾਵਜੂਦ ਇਹ ਸਿੱਖਾਂ ਦੀ ਵਖਰੀ ਹੋਂਦ ਨੂੰ ਸਵੀਕਾਰ ਕਰੇਗਾ। ਏਸ ਬਿਨਾ ਉੱਤੇ ਕਈਆਂ ਨੇ ਏਸਦਾ ਭਰਪੂਰ ਸਵਾਗਤ ਵੀ ਕੀਤਾ। ਵਸਾਖੀ ਵਾਲੇ ਦਿਨ ਅਜਿਹੀ ਸੰਭਾਵਨਾ ਸ਼ੁਭ ਜਾਪੀ ਸੀ।
ਜਦੋਂ ਏਸ ਨੂੰ ਪੜ੍ਹਿਆ ਤਾਂ ਇੱਕਦਮ ਪਾਣੀ ਦਾ ਸੌ ਘੜਾ ਸਿਰ ਪੈ ਗਿਆ। ਏਸ ਵਿੱਚ ‘ਸਿੱਖ ਵਿਆਹ ਕਾਨੂੰਨ’ ਜਿਸ ਨਾਂਅ ਹੇਠ ਇਹ ਪ੍ਰਚਾਰਿਆ ਜਾ ਰਿਹਾ ਸੀ, ਦਾ ਜ਼ਿਕਰ ਵੀ ਹੈ ਨਹੀਂ। ਇਹ ਤਾਂ ਸਿਰਫ ਆਨੰਦ ਮੈਰਿਜ ਐਕਟ ਵਿੱਚ ਸੋਧ ਕਰਦਾ ਖਰੜਾ ਹੈ ਅਤੇ ਆਨੰਦ ਕਾਰਜ ਦੀ ਰਸਮ ਹੇਠ ਏਸ ਵਿੱਚ ਪੇਸ਼ ਕੀਤੇ ਕਾਨੂੰਨ ਅਨੁਸਾਰ ਕੋਈ ਵੀ (ਸਿੱਖ, ਗੈਰਸਿੱਖ) ਵਿਆਹ ਕਰਵਾ ਸਕਦਾ ਹੈ। ਇਹ ਕਦਾਚਿੱਤ ਸਿੱਖ ਪਛਾਣ ਨੂੰ ਨਿਖਾਰਨ ਦੇ ਕੰਮ ਨਹੀਂ ਆ ਸਕਦਾ। ਸਗੋਂ ਇਹ ਤਾਂ ਧਾਰਾ 25 ਦੀ ਧਾਰਨਾਂ ਨੂੰ ਪ੍ਰਪੱਕ ਕਰਦਾ ਹੈ। ਅਗਾਂਹ ਤੋਂ ਏਸ ਸੰਦਰਭ ਵਿੱਚ ਕੇਵਲ ਇਹੋ ਕਿਹਾ ਜਾ ਸਕੇਗਾ, ‘ਸਿੱਖ ਹਿੰਦੂ ਹੀ ਹੁੰਦੇ ਹਨ। ਇਹਨਾਂ ਵਿੱਚੋਂ ਕਈ ਹਿੰਦੂ ਮੈਰਿਜ ਐਕਟ ਅਨੁਸਾਰ ਵਿਆਹ ਕਰਵਾਉਂਦੇ ਹਨ ਅਤੇ ਕਈ ਆਨੰਦ ਮੈਜਿਰ ਐਕਟ ਅਨੁਸਾਰ ਆਪਣੇ ਵਿਆਹ ਵਖਰੇ ਰਜਿਸਟਰ ਵਿੱਚ ਦਰਜ ਕਰਵਾਉਂਦੇ ਹਨ।’ ਜਾਪਦਾ ਇਹ ਵੀ ਹੈ ਕਿ ਸ਼ਾਇਦ ਸਨਦ ਵੀ ਕੇਵਲ ਏਨਾ ਹੀ ਆਖੇ ਕਿ ਵਿਆਹ ਆਨੰਦ ਮੈਰਿਜ ਐਕਟ ਅਨੁਸਾਰ ਹੋਇਆ ਹੈ। ਇਹ ਸ਼ਬਦ ਕਿ ਆਨੰਦ ਵਿਆਹ ਦੀ ਰਸਮ ਨਾਲ ਸ਼ਾਦੀ ਕਰਨ ਵਾਲੇ ਸਿੱਖ ਹਨ, ਵੀ ²ਸ਼ਾਇਦ ਸਨਦ (ਸਰਟੀਫਿਕੇਟ) ਵਿੱਚ ਕਾਨੂੰਨਨ ਲਿਖੇ ਨਾ ਜਾ ਸਕਣ। ਜਾਪਦਾ ਹੈ ਕਿ ਇਹ ਆਨੰਦ ਕਾਰਜ ਨੂੰ ਵੀ ਹਿੰਦੂਆਂ ਦੀ ਇੱਕ ਹੋਰ ਵਿਆਹ ਵਿਵਸਥਾ ਦੇ ਤੌਰ ਉੱਤੇ ਸਥਾਪਤ ਕਰਨ ਵਿੱਚ ਸਹਾਈ ਹੋਵੇਗਾ।
ਏਸਨੂੰ ਆਖੀਦਾ ਹੈ, ‘‘ਪੁੱਟਿਆ ਪਹਾੜ ਅਤੇ ਨਿਕਲਿਆ ਚੂਹਾ।’’ ਆਖਰ ਅਜਿਹੇ ਕਾਨੂੰਨ ਦਾ ਕੀ ਲਾਭ ਹੈ ਅਤੇ ਕਿਸਨੂੰ ਹੈ?
ਇੱਕ ਜ਼ਿੰਦਾ-ਦਿਲ ਮਰਾਸੀ ਤੱਪਦੀ ਦੁਪਹਿਰ ਨੂੰ ਰੇਤਲੇ ਰਾਹ ਉੱਤੇ ਤੁਰਿਆ ਜਾ ਰਿਹਾ ਸੀ। ਗਰਮ ਬਾਲੂ ਠਿੱਬੀ ਜੁੱਤੀ ਨਾਲ ਉੱਡ ਕੇ ਓਸਦੀਆਂ ਖੁੱਚਾਂ ਉਂਤੇ ਪੈ ਰਹੀ ਸੀ। ਓਸ ਬੇਹਾਲ ਹੋਏ ਨੇ ਅਰਦਾਸ ਕੀਤੀ, ‘ਅਲਾਹ। ਬੰਦੇ ਨੂੰ ਕੋਈ ਛੋਟਾ-ਮੋਟਾ ਟੱਟੂ ਹੀ ਦੇ ਛੱਡ।’ ਰੱਬ ਵੀ ਮਸ਼ਕਰੀ ਮੋਡ (ਮੋਦੲ) ਵਿੱਚ ਸੀ। ਅਰਦਾਸ ਤਕਰੀਬਨ ਝਟਪੱਟ ਹੀ ਸੁਣੀ ਗਈ। ਅਗਲੇ ਮੋੜ ਉੱਤੇ, ਟਿੱਬੇ ਦੇ ਪਰਲੇ ਪਾਸੇ, ਵਣ ਹੇਠ ਇੱਕ ਠਾਣੇਦਾਰ ਖੜ੍ਹਾ ਸੀ। ਓਸਦੀ ਘੋੜੀ ਨੇ ਹੁਣੇ-ਹੁਣੇ ਵਛੇਰਾ ਦਿੱਤਾ ਸੀ। ਓਹ ਓਸਨੂੰ ਅਗਲੇ ਪਿੰਡ ਲੈ ਜਾਣਾ ਚਾਹੁੰਦਾ ਸੀ। ਮਰਾਸੀ ਨੂੰ ਵੇਖਕੇ ਓਸਨੇ ਝੱਟ ਸੱਦ ਲਿਆ ਅਤੇ ਮੋਢਿਆਂ ਉੱਤੇ ਨਵਾਂ ਜੰਮਿਆ ਵਛੇਰਾ ਚੁੱਕਾ ਦਿੱਤਾ। ਮਰਾਸੀ ਅੱਗੇ ਨਾਲੋਂ ਵੀ ਔਖਾ ਹੋ ਗਿਆ। ਆਖਣ ਲੱਗਾ, ‘ਜਾਹ ਉਇ! ਪੁੱਠੀਆਂ ਸਮਝਣ ਵਾਲਿਆ! ਮੰਗਿਆ ਸੀ ਚੜ੍ਹਨ ਨੂੰ। ਤੂੰ ਦੇ ਦਿੱਤਾ ਚੁੱਕਣ ਨੂੰ।’ ਸੱਚ ਜਾਣੋਂ ਸਿੱਖ ਕੌਮ ਨਾਲ ਵੀ ਇੱਕ ਮਖ਼ੌਲ ਹੋਣ ਵਾਲਾ ਹੈ। ਆਨੰਦ ਮੈਰਿਜ ਸੋਧ ਕਾਨੂੰਨ ਚੜ੍ਹਨ ਵਾਸਤੇ ਘੋੜਾ ਨਹੀਂ, ਚੁੱਕਣ ਵਾਸਤੇ ਹੈ। 
ਏਸ ਸਬੰਧੀ ਦੋ ਹੋਰ ਗੱਲਾਂ ਕਰਨੀਆਂ ਜ਼ਰੂਰੀ ਹਨ। 17 ਮਈ ਦੇ ਪੰਜਾਬੀ ਟ੍ਰਿਬਿਊਨ ਵਿੱਚ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਬਿਆਨ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਸਲਾਹ ਲੈ ਕੇ ਅਤੇ ਸਹਿਮਤੀ ਨਾਲ ਹੀ ਇਹ ਖਰੜਾ ਤਰਲੋਚਨ ਸਿੰਘ ਨੇ ਪੇਸ਼ ਕੀਤਾ ਸੀ। ਤਰਲੋਚਨ ਸਿੰਘ ਦਾ ਆਖਣਾ ਹੈ ਕਿ ਏਸ ਖਰੜੇ ਨੂੰ ‘ਜਥੇਦਾਰ’ ਅਕਾਲ ਤਖ਼ਤ ਦੀ ਪ੍ਰਵਾਨਗੀ ਵੀ ਹਾਸਲ ਹੈ। ਏਸ ਦਾ ਸਿੱਧਾ ਮਤਲਬ ਹੈ ਕਿ ਇਹ ਖਰੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਰਲੋਚਨ ਸਿੰਘ ਰਾਹੀਂ ਪੇਸ਼ ਕੀਤਾ ਗਿਆ ਹੈ। ਇਹ ਅੰਦਾਜ਼ਾ ਠੀਕ ਜਾਪਦਾ ਹੈ ਕਿਉਂਕਿ ਅਕਾਲੀ ਦਲ ਨੇ ਅਜੇ ਤੱਕ ਏਸ ਸਬੰਧੀ ਮੁਕੰਮਲ ਮੌਨ ਧਾਰਨ ਕੀਤਾ ਹੋਇਆ ਹੈ। ਤਰਲੋਚਲ ਸਿੰਘ ਨੂੰ ਤਾਂ ਆਮ ਵਾਕਫ਼ੀਅਤ ਰੱਖਣ ਵਾਲੇ ਵੀ ਓਸ ਕੁਹਾੜੀ ਦਾ ਬਾਹਾਂ ਜਾਣਦੇ ਹਨ ਜੋ ਲਗਾਤਾਰ ਖਾਲਸਾ ਪੰਥ ਦੀਆਂ ਜੜ੍ਹਾਂ ਉੱਤੇ ਵਰ੍ਹ ਰਹੀ ਹੈ। ਬਾਗ਼ੀ ਬਾਬਾ ਸ੍ਰੀ ਚੰਦ ਅਤੇ ਉਦਾਸੀ ਫਿਰਕੇ ਬਾਰੇ ਓਸਦੇ ਵਿਚਾਰ ਵੀ ਏਹੋ ਕਹਾਣੀ ਕਹਿੰਦੇ ਹਨ। ਹੁਣ ਕੀ ਜਾਣੀਏ, ਕਿ ਅਕਾਲੀ ਦਲ ਵੀ ਏਹੋ ਕੁਝ ਹੈ ਅਤੇ ਸ਼੍ਰੋਮਣੀ ਕਮੇਟੀ ਵੀ?
ਏਸ ਮੋੜ ਉੱਤੇ ਸੋਧ ਨੂੰ ਗੁਪਤ ਰੱਖਣ ਦੀ ਗਲ ਵੀ ਸਮਝ ਆ ਜਾਣੀ ਚਾਹੀਦੀ ਹੈ। ਭਾਵਨਾ ਸੀ, ਢੱਕੀ ਰਿਝੇ ਤੇ ਕੋਈ ਨ ਬੁੱਝੇ। ਕਬਰਾਂ ਦੀ ਖਾਮੋਸ਼ੀ ਦੀ ਵੀ ਕੋਈ ਲੋੜ ਨਹੀਂ ਸੀ। ਜਿਸ ਪੰਥ ਤੋਂ ਡਰ ਕੇ ਮੂੰਹ ਵਿੱਚ ਘੁਘਣੀਆਂ ਪਾਈਆਂ ਹੋਈਆਂ ਹਨ ਉਹ ਤਾਂ ਕੁੰਭਰਣੀ ਨੀਂਦ ਘੂਕ ਸੁੱਤਾ ਹੋਇਆ ਹੈ। ਅਜੇ ਜਾਗਣ ਦੀ ਕੋਈ ਸੰਭਾਵਨਾ ਨਹੀਂ। ਓਸ ਦੀ ਵਿਰਾਸਤ ਦਾ ਦਾਅਵਾ ਕਰਨ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਸਾਰੇ ਰਲ਼-ਮਿਲ਼ ਕੇ ਖੁਲ੍ਹ ਖੇਡੋ, ਭਾਈਓ!
ਹੁਣ ਗੱਲ ਕਰੀਏ ਪ੍ਰਿੰਸੀਪਲ ਦਲਜੀਤ ਸਿੰਘ ਦੇ ਖਰੜੇ ਦੀ ਜਿਸ ਨੂੰ ਜਥੇਦਾਰ ਗੁਰਬਚਨ ਸਿੰਘ (24 ਘੰਟਿਆਂ ਦੇ ਅੰਦਰ-ਅੰਦਰ) ਅੱਧੇ ਸਾਹ ਤਕਰੀਬਨ ਪ੍ਰਵਾਨ ਅਤੇ ਅੱਧੇ ਸਾਹ ਤਕਰੀਬਨ ਰੱਦ, ਕਰ ਚੁੱਕਿਆ ਹੈ। ਜੇ ਇਹ ਖਰੜਾ 2007 ਤੋਂ ਪਹਿਲਾਂ ਆਇਆ ਹੁੰਦਾ ਤਾਂ 2007 ਵਾਲਾ ਏਸਦੀ ਨਕਲ ਜਾਪਣਾ ਸੀ। 2007 ਵਾਲੇ ਵਿੱਚ ਵਿਆਹ ਕਾਨੂੰਨ ਤੋਂ ਇਲਾਵਾ ਕੁਝ ਮੱਦਾਂ ਸਨ ਜੋ ਕਿ ਵਿਰਾਸਤ, ਕਾਰਜ ਵਿਧੀ ਆਦਿ ਨਾਲ ਸਬੰਧ ਰਖਦੀਆਂ ਸਨ। ਇਹ ਏਸ ਲਈ ਸੀ ਕਿ ਜਿੱਥੇ ਉਹ ਵਰਤਿਆ ਜਾਣਾ ਸੀ ਉੱਥੇ ਇਹਨਾਂ ਦੀ ਲੋੜ ਸੀ। 2012 ਵਾਲੇ ਦਲਜੀਤ ਸਿੰਘ ਦੇ ਖਰੜੇ ਵਿੱਚ ਇਹ ਵੀ ਹਨ ਅਤੇ ਅਜਿਹੀਆਂ ਹੋਰ ਵੀ ਜਿਹੜੀਆਂ ਕਿ ਹਿੰਦੋਸਤਾਨ ਵਿੱਚ ਸਿਵਿਲ ਕੋਡ ਦੇ ਹੁੰਦਿਆਂ ਵਾਧੂ ਹਨ। ਏਸ ਖਰੜੇ ਦੀਆਂ 35 ਮੱਦਾਂ ਹਨ ਅਤੇ 2007 ਵਾਲੇ ਦੀਆਂ 32 ਹਨ। ਕੁਲ ਮਿਲਾ ਕੇ ਜਾਪਦਾ ਇਹੋ ਹੈ ਕਿ ਪਹੀਆ ਦੁਬਾਰੇ ਈਜਾਦ ਕੀਤਾ ਗਿਆ ਹੈ। ਪ੍ਰਾਪਤ ਹੋਏ ਏਸ ਖਰੜੇ ਦੇ ਹਰ ਪੰਨੇ ਉੱਤੇ ਲਿਖਿਆ ਹੋਇਆ ਹੈ ਕਿ ਇਹ ਪ੍ਰਿੰਸੀਪਲ ਦਵਾਰਾ ਤਿਆਰ ਕੀਤਾ ਹੋਇਆ ਹੈ। ਆਪਣੇ ਬੌਧਿਕ ਅਧਿਕਾਰ ਨੂੰ ਬਰਕਰਾਰ ਰੱਖਣ ਦੀ ਇਹ ਤਰਕੀਬ ਨਕਲ ਕਰਨਯੋਗ ਜਾਪਦੀ ਹੈ।
ਕੁਝ ਕੁ ਏਸ ਵਿੱਚ ਅਜੇਹਾ ਹੈ ਜੋ ਸਿੱਖ ਪੰਥ ਨੂੰ ਵਾਰਾ ਨਹੀਂ ਖਾਂਦਾ। ਜਿਵੇਂ ਕਿ ਤਲਾਕ ਸਬੰਧੀ ਦਰਸਾਇਆ ਕਾਹਲਾਪਣ (ਨਿਰਧਾਰਿਤ ਸਮੇਂ ਤੋਂ ਪਹਿਲਾਂ ਕਾਰਵਾਈ ਦੀ ਸੰਭਾਵਨਾ, ਹਰ ਰੋਜ਼ ਅਦਾਲਤੀ ਕਾਰਵਾਈ, ਪ੍ਰੰਪਰਾ ਅਨੁਸਾਰ ਵੀ ਤਲਾਕ)। ਕੁਝ ਏਸ ਤੋਂ ਵੀ ਅਗਾਂਹ ਹੈ। ਸਿੱਖਾਂ ਦੇ ਤਿੰਨ ਵਰਗ, ਸਿੱਖ, ਅੰਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਬਣਾਏ ਗਏ ਹਨ। ਸਿੱਖ ਤਾਂ ਸਹਿਜ ਅਵਸਥਾ ਤੋਂ ਵਾਕਫ ਹਨ। ਸਹਿਜਧਾਰੀ ਪ੍ਰੰਪਰਾ, ਫਿਰਕੇ ਜਾਂ ਸਹਿਜਧਾਰੀ ਟ੍ਰੇਡ ਯੂਨੀਅਨ ਤੋਂ ਨਹੀਂ। ਕਿਹੜੇ ਵਰਗ ਦਾ ਆਨੰਦ ਕਾਰਜ ਕਿਵੇਂ ਹੋਣਾਂ ਹੈ, ਦਾ ਵੇਰਵਾ ਨਹੀਂ। ਇਹ ਵਰਗੀਕਰਣ ਅਗਾਂਹ ਜਾ ਕੇ ਵੱਡੇ ਬਖੇੜੇ ਦਾ ਮੁੱਢ ਬਣ ਸਕਦਾ ਹੈ। ਜੇ ਸਹਿਜਧਾਰੀਆਂ, ਸਿੱਖਾਂ ਅਤੇ ਅੰਮ੍ਰਿਤਧਾਰੀਆਂ ਦਾ ਵਿਆਹ ਇੱਕੇ ਮਰਿਯਾਦਾ ਅਨੁਸਾਰ ਹੋਣਾ ਹੈ ਤਾਂ ਵਰਗੀਕਰਨ ਬੇਲੋੜਾ ਅਤੇ ਭੰਬਲਭੂਸਾ ਪੈਦਾ ਕਰਨ ਵਾਲਾ ਹੈ। ਰਹਿਤ ਮਰਿਯਾਦਾ ਅਨੁਸਾਰ ਆਨੰਦ ਕਾਰਜ ਤਾਂ ਠੀਕ ਹੈ ਪਰ ਇਹ ਨਹੀਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਵਾਣਤ ਰਹਿਤ ਮਰਿਯਾਦਾ ਅਨੁਸਾਰ ਜਾਂ ਕੂਕਿਆਂ ਦੀ ਮਰਿਯਾਦਾ ਜਾਂ ਕਿਸੇ ਹੋਰ ਡੇਰੇ ਦੀ ਮਰਿਯਾਦਾ ਅਨੁਸਾਰ ਕੀਤੇ ਵਿਆਹ ਨੂੰ ਆਨੰਦ ਕਾਰਜ ਜਾਣਿਆ ਜਾਵੇਗਾ ਜਾਂ ਨਹੀਂ? ਖਾਸ ਤੌਰ ਉੱਤੇ ਏਸ ਸਥਿਤੀ ਵਿੱਚ ਕਿ 2012 ਦੇ ਖਰੜੇ ਵਿੱਚ ਆਨੰਦ ਕਾਰਜ ਦੀ ਵਿਧੀ ਦਾ ਵਿਸਥਾਰ ਨਹੀਂ। ਆਨੰਦ ਕਾਰਜ ਕਦੋਂ ਮੁਕੰਮਲ ਹੁੰਦਾ ਹੈ ਅਤੇ ਕਿਸ ਘਟਨਾ ਨੂੰ ਸੰਪੂਰਨਤਾ ਬਖਸ਼ਣ ਵਾਲੀ ਜਾਣਿਆ ਜਾਵੇ ਦਾ ਵੀ ਵੇਰਵਾ ਨਹੀਂ। ਇਹ ਵੀ ਜ਼ਰੂਰੀ ਸੀ ਕਿ ਆਨੰਦ ਕਾਰਜ ਦੇ ਗਵਾਹਾਂ ਆਦਿ ਦਾ ਵੀ ਜ਼ਿਕਰ ਕਰਕੇ ਅਨਿਸ਼ਚਤਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾਂਦੀ। ਏਸ ਵਿੱਚ ਖਾਸ ਤੌਰ ਉੱਤੇ ਲਿਖਿਆ ਹੋਇਆ ਹੈ ਕਿ ਵਿਆਹ ਕੇਵਲ ਗੁਰਦਵਾਰੇ ਵਿੱਚ ਹੀ ਸੰਪੰਨ ਹੋ ਸਕੇਗਾ, ਏਸਦਾ ਸਿੱਖ ਵਿਆਹ ਨਾਲ ਜਾਂ ਆਨੰਦ ਕਾਰਜ ਦੀ ਪ੍ਰਕਿਰਿਆ ਨਾਲ ਕੋਈ ਸਬੰਧ ਨਹੀਂ ਸਗੋਂ ਇਹ ਆਮ ਆਦਮੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਨ ਦਾ ਸਵੱਬ ਬਣ ਸਕਦਾ ਹੈ। ਏਸ ਖਰੜੇ ਅਨੁਸਾਰ ਹੋਰ ਥਾਵੇਂ ਵਿਆਹ ਰਚਾਉਣ ਦਾ ਕਾਰਣ ਗੁਰਦਵਾਰੇ ਤੋਂ ਦਸ ਮੀਲ ਤੋਂ ਵੱਧ ਦੂਰੀ ਹੋਣ ਨੂੰ ਉਚਿਤ ਦੱਸਿਆ ਹੈ। ਕੀ ਇਹ ਝਗੜੇ ਨਹੀਂ ਹੋਣਗੇ ਕਿ ਫਲਾਨੀ ਥਾਂ ਗੁਰਦਵਾਰੇ ਤੋਂ 9 ਮੀਲ 7 ਫਰਲਾਂਗ ਹੈ ਜਾਂ ਦਸ ਮੀਲ। ਫਰਲਾਂਗ?
35 ਮੱਦ ਵਿੱਚ ਪ੍ਰਵਾਧਾਨ ਹੈ ਕਿ ਪ੍ਰੰਪਰਾ ਅਨੁਸਾਰ ਤਲਾਕ ਹੋ ਸਕਦਾ ਹੈ। ਇਹ ਕਈ ਕਿਸਮ ਦੀਆਂ ਬੁਰੇ ਪ੍ਰਭਾਵ ਵਾਲੀਆਂ ਅਲਾਮਤਾਂ ਨੂੰ ਜਨਮ ਦੇ ਸਕਦਾ ਹੈ। ਅਦਾਲਤ ਵਿੱਚ ਸੌ ਝੂਠ ਬੋਲੇ ਜਾਂਦੇ ਹਨ। ਜੇ ਸਵਾਲ ਉਠਾਇਆ ਜਾਵੇ ਕਿ ਏਸ ਕੁਲ ਦਾ ਫਲਾਨੀ ਕੁਲ ਜਾਂ ਗੋਤ ਜਾਂ ਜਾਤ ਵਾਲਿਆਂ ਵਿੱਚ ਕਦੇ ਵਿਆਹ ਨਹੀਂ ਹੋਇਆ ਅਤੇ ਏਸ ਪਰੰਪਰਾ ਦੇ ਅਧਾਰ ਉੱਤੇ ਤਲਾਕ ਮੰਗਿਆ ਜਾਵੇ ਤਾਂ ਕੀ ਵੱਡਾ ਅਨਰਥ ਅਤੇ ਸਿੱਖੀ ਦਾ ਘਾਣ ਨਹੀਂ ਸਮਝਿਆ ਜਾਵੇਗਾ? ਹੋਰ ਵੀ ਥੋੜਾ ਬਹੁਤ ਕੁਝ ਅਣਸੁਖਾਵਾਂ ਹੈ ਜਿਵੇਂ ਕਿ 18 ਸਾਲਾ ਕੁੜੀ ਦਾ ਵਿਆਹ ਯੋਗ ਹੋਣਾ ਪਰ ਮੁੰਡੇ ਦਾ 21 ਸਲਾਂ ਉੱਤੇ ਜਾ ਕੇ ਵਿਆਹ ਕਰਵਾ ਸਕਣਾ। ਏਸ ਵਖਰੇਵੇਂ ਦਾ ਕੋਈ ਸਪਸ਼ਟ ਕਾਨੂੰਨੀ, ਸਮਾਜਿਕ ਜਾਂ ਵਿਗਿਆਨਿਕ ਆਧਾਰ ਨਜ਼ਰ ਨਹੀਂ ਆਉਂਦਾ। ਜਾਪਦਾ ਹੈ ਕਿ 2007 ਵਾਲੇ ਖਰੜੇ ਤੋਂ ਨਿਖੇੜਨ ਮਾਤਰ ਲਈ ਇਹ ਵਿਧੀ ਅਖਤਿਆਰ ਕੀਤੀ ਗਈ ਹੈ।
ਵਿਆਹ ਦੇ ਕਾਨੂੰਨ ਸਬੰਧੀ ਟਿੱਪਣੀ ਕਰਦੇ ਵਕਤ ਇੱਕ ਬੁਨਿਆਦੀ ਸਚਾਈ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਉਹ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਪ੍ਰੇਰਨਾ ਲੈ ਕੇ, ਗੁਰਦਰਸਾਈਆਂ ਕਦਰਾਂ-ਕੀਮਤਾਂ ਅਨੁਸਾਰ ਤਾਂ ਹਰ ਕਾਨੂੰਨ ਘੜਨਾ ਜ਼ਰੂਰੀ ਹੈ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਨੂੰ ਕੁਰਾਨ-ਮਜੀਦ ਜਾਂ ਇਸਲਾਮੀ ਸ਼ਰਹਾ ਦੀ ਤਰਜ਼ ਉੱਤੇ ਸੰਸਾਰਿਕ ਕਾਨੂੰਨ ਦਾ ਸ੍ਰੋਤ ਜਾਣਨਾ ਵੱਡੀ ਅਤੇ ਤਬਾਹਕੁੰਨ ਭੁਲ ਹੋਵੇਗੀ। ‘ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ’ ਨੂੰ ਆਧਾਰ ਬਣਾ ਕੇ ਜੇ ਫੌਜਦਾਰੀ ਕਾਨੂੰਨ ਘੜਿਆ ਜਾਵੇ ਤਾਂ ਸਿੱਖ ਪੰਥ ਦਾ ਕੀ ਹਸ਼ਰ ਹੋਵੇਗਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਵੀ ਸੰਭਵ ਹੈ ਕਿ ‘‘ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ’’ ਦਾ ਆਸਰਾ ਲੈ ਕੇ ਕੋਈ ਤਸਕਰ ਆਖੇ ਕਿ ਉਹ ਸੰਸਾਰ ਨੂੰ ਮਾਇਆ ਤੋਂ ਬਚਾਉਣ ਲਈ ਹੀ ਜੂਝ ਰਿਹਾ ਹੈ; ਤਾਂ ਉਹ ਕਾਨੂੰਨੀ ਤੌਰ ਉੱਤੇ ਵੱਡਾ
ਪਰਉਪਕਾਰੀ ਗਿਣਿਆ ਜਾਵੇਗਾ ਜੋ ਜੱਗ ਦੀਆਂ ਬਲਾਵਾਂ ਨੂੰ ਆਪਣੇ ਸਿਰ ਲੈ ਰਿਹਾ ਹੈ। ਗੁਰਆਸ਼ਾ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਨੂੰ ਦੁਨਿਆਵੀ ਕਾਨੂੰਨ ਦਾ ਇਨ-ਬਿਨ ਆਧਾਰ ਮੰਨਿਆ ਜਾਵੇ।
ਗੁਰਬਾਣੀ ਨੂੰ ਆਧਾਰ ਬਣਾ ਕੇ ਲੋਕਾਂ ਨੂੰ ‘ਏਕ ਜੋਤਿ ਦੁਇ ਮੂਰਤੀ’  ਅਨੁਸਾਰ ਪ੍ਰੇਰਨਾ ਤਾਂ ਧਰਮ ਦਾ ਕਰਮ ਹੈ ਪਰ ਏਸਨੂੰ ਤਲਾਕ ਵਿਰੋਧੀ ਪ੍ਰਾਵਧਾਨ ਵਿੱਚ ਬਦਲਣਾ ਅਜਿਹੀ ਗਲਤੀ ਹੋਵੇਗੀ ਜੋ ਲੋਕਾਂ ਨੂੰ ਧਰਮ ਤੋਂ ਦੂਰ ਲੈ ਜਾਣ ਦਾ ਕਾਰਣ ਬਣੇਗੀ। ਏਸ ਵੇਲੇ ਪਟਨਾ ਸਾਹਿਬ ਦੇ ਜਥੇਦਾਰ ਨੂੰ ਵੀ ਸ਼ਾਇਦ ਏਸ ਸਚਾਈ ਨਾਲ ਸਹਿਮਤ ਕਰਨਾ ਮੁਸ਼ਕਿਲ ਹੋ ਜਾਵੇ ਕਿ ਗੁਰਸ਼ਬਦ ‘ਏਕ ਜੋਤ ਦੁਇ ਮੂਰਤੀ’ ਦਾ ਉਪਦੇਸ਼ ਦਿੰਦਾ ਹੈ ਨਾ ਕਿ ਇੱਕ ਜੋਤ ਚਾਰ ਮੂਰਤੀਆਂ ਦਾ!
ਗਹਿਰ ਗੰਭੀਰ ਪੰਥ ਏਸ ਦੇ ਸਮਰੱਥ ਹੋਣਾ ਚਾਹੀਦਾ ਹੈ ਕਿ ਠਰ੍ਹੱਮੇ ਨਾਲ ਹਰ ਪੱਖ ਨੂੰ ਵਿਚਾਰ ਕੇ ਸਾਰਥਕ ਫੈਸਲੇ ਕਰ ਸਕੇ। ਚੰਗਾ ਹੁੰਦਾ ਜੇ ਚਰਚਾ 2007 ਤੋਂ ਹੀ ਲਗਾਤਾਰ ਹੁੰਦੀ ਰਹਿੰਦੀ। 1909 ਵਾਲਾ ਕਾਨੂੰਨ ਵੀ ਵਿਆਪਕ ਚਰਚਾ ਤੋਂ ਬਾਅਦ ਬਣਿਆ ਸੀ ਹਾਲਾਂਕਿ ਓਸ ਵੇਲੇ ਚਰਚਾ ਕਰਨ ਦੇ ਏਨੇ ਵਿਕਸਤ ਸਾਧਨ ਨਹੀਂ ਸਨ। ਫੇਰ ਵੀ ਤਕਰੀਬਨ ਸਾਰੀ ਕੌਮ ਨੇ ਯੋਗਦਾਨ ਪਾਇਆ ਸੀ। 1935 ਵਾਲੀ ਰਹਿਤ ਮਰਿਯਾਦਾ ਦੀ ਤਿਆਰੀ ਵਿੱਚ ਤਾਂ ਵਿਦੇਸ਼ਾਂ ਦੀ ਸੰਗਤ ਦਾ ਵੀ ਭਰਪੂਰ ਹਿੱਸਾ ਸੀ।
ਹੇਠਾਂ ਸਰਦਾਰ ਤਰਲੋਚਨ ਸਿੰਘ ਵਾਲਾ ਖਰੜਾ ਆਮ ਜਾਣਕਾਰੀ ਲਈ ਪੇਸ਼ ਕੀਤਾ ਜਾ ਰਿਹਾ ਹੈ। 2007 ਵਾਲਾ ਤਾਂ 28 ਅਪ੍ਰੈਲ ਤੋਂ ਦੁਬਾਰਾ ਵੀ ਪੰਥ ਦੀ ਕਚਿਹਰੀ ਵਿੱਚ ਹਾਜ਼ਰ ਕੀਤਾ ਜਾ ਚੁੱਕਾ ਹੈ। ਗੁਰੂ ਕੇ ਸਿੱਖ ਹੰਸ ਬ੍ਰਿਤੀ ਧਾਰਨ ਅਤੇ ਦੁਧ ਪਾਣੀ ਦਾ ਨਿਖੇੜਾ ਬਿਬੇਕ ਨਾਲ ਕਰ ਲੈਣ। ਇਹੋ ਸਦ ਰਹਿਣੇ ਗੁਰੂ ਦਾ ਸਥਾਈ ਹੁਕਮ ਹੈ।








(ਇਹ ਲੇਖ ਕੁਝ ਦਿਨ ਪਹਿਲਾਂ ਕੁਝ ਦੋਸਤਾਂ ਨੂੰ ਭੇਜਿਆ ਗਿਆ ਸੀ ਜੋ ਹੁਣ ਇੱਥੇ ਪ੍ਰਕਾਸ਼ਿਤ ਕੀਤਾ ਜਾ ਗਿਆ ਹੈ।)

No comments:

Post a Comment