Saturday, February 12, 2011

ਹੋਸ਼ਿਆਰ ਥਾ ਸੋ ਮੈਂ ਥਾ *

ਅੱਜ ਦੀ ਇਹ ਕਹਾਣੀ, ਹੈ ਸਦੀਆਂ ਪੁਰਾਣੀ ਅਤੇ ਜੇ ਸੁਪਰੀਮ ਕੋਰਟ ਵੱਲੋਂ ਪ੍ਰਵਾਣਤ ਸਸਬਹੁ (ਸਥਾਈ ਸੱਭਿਆਚਾਰਕ ਬਹੁਗਿਣਤੀ) ਦੀ ਰੌਂਅ ਦੇ ਨਾਲ ਤੁਰੀਏ ਤਾਂ ਕਈ ਲੱਖ ਸਾਲ ਪੁਰਾਣੀ ਬਣ ਜਾਂਦੀ ਹੈ। ਕਦੇ ਡੂੰਘੇ ਅਤੀਤ ਵਿੱਚ, ਕਿਸੇ ਲੇਖਕ ਦੇ ਜ਼ਿਹਨ ਵਿੱਚ ਕਿਸੇ ਨਟਖਟ ਅਵਤਾਰ ਦੀ ਪ੍ਰੇਰਨਾ ਨਾਲ ਪਾਂਡਵਾਂ ਨੇ ਪੰਜ ਪਿੰਡਾਂ ਨਾਲ ਗੁਜ਼ਾਰਾ ਕਰਨਾ ਮਨਜ਼ੂਰ ਕਰ ਲਿਆ ਸੀ 'ਪ੍ਰੰਤੂ' ਕਿਸੇ ਲਾਲਚੀ, ਹੰਕਾਰੀ, ਦੋ ਸੌ ਚਾਰ ਬਾਹਵਾਂ ਵਾਲੇ ਰਾਜੇ ਨੇ ਅਸਲ ਵਾਰਸਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਉਂ ਤਹਿ ਹੋਇਆ ਸੀ ਉਹ ਸਿਧਾਂਤ ਜਿਸ ਨੇ ਸਸਬਹੁ ਦੇ ਚਿੱਤ ਵਿੱਚ ਸਦਾ ਲਈ ਨਿਵਾਸ ਕਰ ਕੇ ਮੁਲਕ ਨੂੰ ਸਦਾ ਲਈ ਖੇਰੂੰ-ਖੇਰੂੰ ਕਰਨ ਦੀ ਪੀਢੀ, ਪੁਖਤਾ ਅਤੇ ਸਦ¬-ਰਹਿਣੀ ਨੀਂਹ ਮਨੁੱਖੀ ਇਤਿਹਾਸ ਵਿੱਚ ਰੱਖੀ। ਸ਼ਰੀਕ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਾ ਕਰਨ ਦੀ, ਹਰ ਹਾਲਤ ਵਿੱਚ ਕਲਹ-ਕਲੇਸ਼ ਵਿੱਚ ਹੀ ਭਲਾਈ ਲੱਭਣ ਦੀ ਇਸ ਰੀਤ ਨੇ ਲੱਖਾਂ ਖੂਹਣੀਆਂ ਦਾ ਖ਼ੂਨ ਪੀਤਾ ਪਰ ਅਜੇ ਵੀ ਏਸ ਦੀ ਪ੍ਰਸਤਿਸ਼ ਕਰਨ ਵਾਲੇ ਲਹੂ-ਪੀਣੇ ਹਰ ਮੁਲਕ ਦੀ ਧਰਤੀ ਉੱਤੇ ਆਮ ਸਾਊ ਮਨੁੱਖਾਂ ਦਾ ਭੇਸ ਧਾਰ ਕੇ ਵਿਚਰ ਰਹੇ ਹਨ। ਇਹਨਾਂ ਦੀਆਂ ਕਰਤੂਤਾਂ ਵੱਲ ਫ਼ੇਰ ਪਰਤਾਂਗੇ, ਪਹਿਲਾਂ ਇੱਕ ਹੋਰ ਅਜਬ ਕਹਾਣੀ ਕਹਿ ਲਈਏ!

ਇਹ ਅਜਬ ਕਹਾਣੀ ਹੈ ਇੱਕ ਫ਼ਕੀਰ-ਪਾਤਸ਼ਾਹ, ਗੁਰੂ, ਦੀ ਜਿਸ ਦੇ ਜ਼ਿਹਨ ਵਿੱਚ ਸੰਸਾਰ ਦਾ ਸਭ ਤੋਂ ਸੁਨੱਖਾ ਮਨੁੱਖ, ਅੰਮ੍ਰਿਤ ਦੀਆਂ ਚੂਲੀਆਂ ਨਾਲ ਤ੍ਰਿਪਤ ਹੋਇਆ, ਖ਼ਾਲਸਾ ਉੱਭਰਿਆ। ਓਸ ਦੇ ਤਸੱਵਰ ਦੇ ਏਸ ਮਨੁੱਖ ਨੇ ਨਿਰੰਤਰ ਪਰਉਪਕਾਰ ਕਮਾਉਣਾ ਸੀ ਅਤੇ ਸਭ ਨਿਰਜਿੰਦ ਰੀਤਾਂ, ਘਾਤਕ ਬਿਰਤੀਆਂ, ਮਨੁੱਖੀ ਜੀਵਨ-ਰੌਂਅ ਨੂੰ ਨਕਾਰਨ ਵਾਲੇ ਹਰ ਵਿਚਾਰ ਨੂੰ ਤ੍ਰਿਸਕਾਰਨਾ ਸੀ। ਕਿਸੇ ਦੈਵੀ ਕਵੀ ਅਨੁਸਾਰ ਏਸ ਨੇ ਏਸ ਪੱਖੋਂ ਉਲਟੀ ਗੰਗਾ ਵਗਾਉਣੀ ਸੀ। ਏਸ ਮਨੁੱਖ ਦੀ ਇਹ ਕਹਾਣੀ ਸਦੀਆਂ ਪੁਰਾਣੀ ਤਾਂ ਹੈ ਪਰ ਹੈ ਗੌਰਵ ਕਰਨ ਵਾਲੀ ਵੀ ਅਤੇ ਸਦਾ ਤਰੋ-ਤਾਜ਼ਾ ਰਹਿਣ ਵਾਲੀ ਵੀ। ਇਹ ਕਿਸੇ ਗ਼ਲਤ ਘੜੇ ਅਸੂਲ ਦੀ ਲਾਸ਼ ਨਹੀਂ ਜੋ ਯੁੱਗਾਂ ਤੋਂ ਮਨੁੱਖਤਾ ਦੇ ਵਿਹੜੇ ਵਿੱਚ ਤਾਜ ਪਹਿਨ ਕੇ ਬੈਠੀ ਹੈ।

ਪਹਿਲਾਂ ਏਸ ਜਿਊਂਦੀ-ਜਾਗਦੀ, ਗੁਲਜ਼ਾਰ ਵਾਂਗ ਖਿੜੀ, ਅਲ੍ਹੜ ਕੁੜੀਆਂ ਦੇ ਰੰਗ-ਬਰੰਗੇ ਪਟੋਲਿਆਂ ਵਾਂਗ ਪਾਕ, ਸੋਖ ਚਿੜੀਆਂ ਵਾਂਗ ਚਹਿਕਦੀ ਰੀਤ ਦੀ ਗੱਲ ਕਰੀਏ। ਏਸ ਦਾ ਪਹਿਲਾ ਆਧਾਰ ਸੀ ਸੰਸਾਰ ਦੇ ਹਰ ਖਿੱਤੇ ਦੇ ਮਨੁੱਖ ਨਾਲ ਰਵਾਦਾਰੀ ਰੱਖਣਾ। ਰਵਾਦਾਰੀ ਨੂੰ ਜਾਨਦਾਰ ਬਣਾਉਣ ਲਈ, ਏਸ ਨੂੰ ਇੱਕ ਨਿੱਗਰ ਤਰੀਕੇ ਨਾਲ ਸੰਸਾਰ ਦੇ ਲੋਕਾਂ ਸਾਹਮਣੇ ਰੱਖਣਾ ਤਾਂ ਕਿ ਉਹ ਸਾਰੇ ਏਸ ਰਾਹ ਤੁਰ ਸਕਣ। ਇਹ ਸਭ ਕੁਝ ਕਰਨ ਲਈ ਆਪਣੀਆਂ ਅਕਾਲ ਪੁਰਖ ਵੱਲੋਂ ਸਿਰਜੀਆਂ, ਮਨਮੋਹਣੇ ਦਰਿਆਵਾਂ ਅਤੇ ਉੱਚਾ ਸਿਰ ਚੁੱਕ ਕੇ ਖੜ੍ਹੇ ਪਹਾੜਾਂ ਨਾਲ ਸ਼ਿੰਗਾਰੀਆਂ, ਕੁਦਰਤੀ ਸਰਹੱਦਾਂ ਨੂੰ ਮਜਬੂਤ ਕਰਨਾ ਸੀ। ਨਿਰੰਤਰ ਬਾਹਰੀ ਹਮਲਿਆਂ ਨਾਲ ਦੋ ਹੱਥ ਹੁੰਦੀ ਕੋਈ ਵੀ ਸੱਭਿਅਤਾ ਮਨੁੱਖੀ ਵਿਕਾਸ ਦੀ ਚਰਮ ਸੀਮਾ ਤੱਕ ਆਪਣੇ- ਆਪ ਨੂੰ ਉਤਾਂਹ ਨਹੀਂ ਚੁੱਕ ਸਕਦੀ ਅਤੇ ਕੋਈ ਵੀ ਮਨੁੱਖੀ ਸਮੂਹ ਜੋ ਆਪਣੀ ਗੱਲ ਕਹਿ ਸਕਣ ਲਈ ਆਜ਼ਾਦ ਨਹੀਂ, ਨਵੀਂ ਸੱਭਿਅਤਾ ਸਿਰਜਣ ਦੀ ਪ੍ਰਕਿਰਿਆ ਦਾ ਸੁਪਨਾ ਵੀ ਨਹੀਂ ਲੈ ਸਕਦਾ।

ਕਿਵੇਂ ਇਹ ਨਵਾਂ ਮਨੁੱਖ ਪੈਰ-ਪੈਰ ਉੱਤੇ ਆਪਣੀ ਅਹੂਤੀ ਦੇ ਕੇ ਆਜ਼ਾਦੀ ਦੇ ਦਰ ਤੱਕ ਪੁੱਜਾ ਤਾਂ ਇੱਕ ਹੋਰ ਰੌਚਕ ਕਹਾਣੀ ਹੈ ਜੋ ਅੱਜ ਦੇ ਵਿਸ਼ੇ ਨਾਲ ਮੇਲ ਨਹੀਂ ਖਾਂਦੀ। ਪਰ ਏਸ ਆਜ਼ਾਦੀ ਨੂੰ ਮਜਬੂਤ ਕਰਨ ਲਈ ਮਾਰੇ ਹੰਭਲੇ ਜ਼ਰੂਰ ਵਿਚਾਰੇ ਜਾਣੇ ਬਣਦੇ ਹਨ।

ਪੰਜਾਬ ਦਾ ਚਾਰ ਮਹਲ ਇਲਾਕਾ (ਔਰੰਗਾਬਾਦ, ਗੁਜਰਾਤ, ਸਿਆਲਕੋਟ, ਪਸਰੂਰ) ਤਾਂ ਮੁਗ਼ਲ ਸਾਮਰਾਜ ਪਹਿਲਾਂ ਹੀ ਨਾਦਰ ਸ਼ਾਹ ਨੂੰ 14 ਲੱਖ ਦੀ ਜਾਗੀਰ ਦੇ ਰੂਪ ਵਿੱਚ ਦੇ ਚੁੱਕਾ ਸੀ। ਅਹਿਮਦਸ਼ਾਹ ਨੇ 1750 ਵਿੱਚ ਲਾਹੌਰੋਂ ਆਪਣਾ ਏਲਚੀ ਭੇਜ ਕੇ ਆਪਣੇ ਹਮ-ਨਾਂਵੀਏਂ ਮੁਗ਼ਲ ਬਾਦਸ਼ਾਹ ਕੋਲੋਂ ਦੁਬਾਰਾ ਇਨ੍ਹਾਂ ਇਲਾਕਿਆਂ ਦਾ ਪਟਾ ਲਿਖਾ ਲਿਆ। ਮਾਰਚ 1752 ਵਿੱਚ ਮੁਗ਼ਲ ਬਾਦਸ਼ਾਹ ਨੇ ਸਾਰਾ ਪੰਜਾਬ ਅਹਿਮਦਸ਼ਾਹ ਨੂੰ ਦੇ ਦਿੱਤਾ ਅਤੇ ਉਸ ਤੋਂ ਬਾਅਦ ਇਹ ਅਫ਼ਗਾਨ ਸਾਮਰਾਜ ਦਾ ਹਿੱਸਾ ਬਣ ਗਿਆ। ਜੰਮੂ ਦਾ ਰਣਜੀਤ ਦੇਵ ਤਾਂ ਪਹਿਲਾਂ ਹੀ ਵਾਪਸ ਜਾਂਦੇ ਅਹਿਮਦ ਸ਼ਾਹ ਦੇ ਪਿੱਛੇ ਆਪਣੇ ਏਲਚੀ ਭੇਜ ਕੇ ਓਸ ਦੀ ਈਨ ਮੰਨ ਚੁੱਕਿਆ ਸੀ। ਏਸੇ ਤਰ੍ਹਾਂ ਡੇਰਾਜਾਤ ਇਲਾਕੇ ਦੇ ਸਰਦਾਰ ਵੀ। ਐਤਕੀਂ ਆਪਣੀ ਵਫ਼ਾਦਾਰੀ ਵਿਖਾਉਂਦਿਆਂ ਰਣਜੀਤ ਦੇਵ ਨੇ ਕਸ਼ਮੀਰ ਫ਼ਤਹਿ ਕਰਨ ਵਿੱਚ ਅਹਿਮਦ ਸ਼ਾਹ ਦੀ ਭਰਪੂਰ ਮਦਦ ਕੀਤੀ। ਕਸ਼ਮੀਰ ਉੱਤੇ ਕਬਜ਼ਾ ਕਰ ਕੇ ਅਹਿਮਦਸ਼ਾਹ ਨੇ ਓਥੇ ਅਬਦੁੱਲਾ ਖ਼ਾਨ ਨੂੰ ਆਪਣਾ ਸੂਬੇਦਾਰ ਥਾਪਿਆ ਅਤੇ ਸੁਖਜੀਵਨ ਮੱਲ ਨੂੰ ਓਥੋਂ ਦਾ ਬੰਦੋਬਸਤ ਕਰਨ ਲਈ ਦਿਵਾਨ ਨਿਯੁਕਤ ਕੀਤਾ।

ਇਉਂ ਸਾਰਾ ਪੰਜਾਬ, ਲਾਹੌਰ, ਮੁਲਤਾਨ, ਕਸ਼ਮੀਰ ਸਮੇਤ ਹਿੰਦੋਸਤਾਨ ਨਾਲੋਂ ਤੋੜ ਕੇ ਅਫ਼ਗਾਨਿਸਤਾਨ ਨਾਲ ਜੋੜ ਦਿੱਤਾ ਗਿਆ। ਏਸ ਦੇ ਵਿੱਰੁਧ ਕਿਸੇ ਕੋਈ ਰੋਸ ਨਾ ਕੀਤਾ; ਕੇਵਲ ਨਵੇਂ ਮਨੁੱਖ ਖ਼ਾਲਸਾ ਨੇ ਐਲਾਨ ਕੀਤਾ ਕਿ ਪੰਜਾਬ ਏਥੋਂ ਦੇ ਲੋਕਾਂ ਦਾ ਹੈ, ਏਹੀ ਏਸ ਦੀ ਉਪਜ ਖਾਣਗੇ ਅਤੇ ਏਹੀ ਏਸ ਦਾ ਬੰਦੋਬਸਤ ਕਰਨਗੇ। ਨਾਦਰਾਂ-ਅਬਦਾਲੀਆਂ ਨੂੰ ਏਸ ਨੂੰ ਲੁੱਟਣ, ਗ਼ੁਲਾਮ ਬਣਾਉਣ ਦਾ ਕੋਈ ਹੱਕ ਨਹੀਂ। ਦਸ ਕੁ ਸਾਲ ਦੀ ਜੱਦੋਜਹਿਦ ਉਪਰੰਤ ਜਦੋਂ ਬੇ-ਸਾਜ਼ੋ-ਸਾਮਾਨ ਫ਼ਕੀਰਾਂ ਦਾ ਇਹ ਟੋਲਾ ਪੰਜਾਬ ਉੱਤੇ ਆਪਣੇ ਬਾਹੂਬਲ ਨਾਲ ਕਬਜ਼ਾ ਕਰਨ ਦੇ ਨੇੜੇ ਅੱਪੜਿਆ; ਜਦੋਂ ਪਾਣੀਪਤ ਦੇ ਜੇਤੂ ਨੂੰ ਖ਼ਾਲਸਾ ਫ਼ੌਜਾਂ ਦੇ ਡਰੋਂ ਰਾਤੋ ਰਾਤ ਚੋਰ ਵਾਂਗ ਲਾਹੌਰੋਂ ਭੱਜਣਾ ਪਿਆ ਤਾਂ ਅਬਦਾਲੀ ਨੇ ਪੰਜਾਬ ਜਾਗੀਰ ਦੇ ਤੌਰ ਉੱਤੇ ਸਿੰਘਾਂ ਨੂੰ ਦੇਣ ਦੀ ਪੇਸ਼ਕਸ਼ ਬੜੀ ਆਜਜ਼ੀ ਨਾਲ ਕੀਤੀ। ਜੰਗਲ ਵਿੱਚ ਬੈਠੇ, ਕੜਾਕੇ ਸਹਿੰਦੇ ਸਿੰਘਾਂ ਦਾ ਜੁਆਬ ਸੀ, ''ਪੰਜਾਬ ਸਾਡਾ ਹੈ, ਸਾਡੇ ਗੁਰੂ ਨੇ ਸਾਨੂੰ ਬਖ਼ਸ਼ਿਆ ਹੈ; ਅਸੀਂ ਆਪੇ ਏਸ ਦੀ ਰਾਖੀ ਦੀ ਜ਼ਿੰਮੇਵਾਰੀ ਸੰਭਾਲਾਂਗੇ। ਕਿਸੇ ਭੁੱਖੇ ਜਰਵਾਣੇ ਤੋਂ ਏਸ ਨੂੰ ਬਖ਼ਸ਼ੀਸ਼ ਰੂਪ ਵਿੱਚ ਨਹੀਂ ਲਵਾਂਗੇ।" ਏਵੇਂ ਹੀ ਹੋਇਆ। ਆਖ਼ਰ ਪੇਸ਼ਾਵਰ ਤੱਕ ਦਾ ਇਲਾਕਾ ਪੰਜਾਬ ਦਾ ਹਿੱਸਾ ਬਣਿਆ ਅਤੇ ਨੌਂ ਸਦੀਆਂ ਤੋਂ ਵਗਦੇ ਜਬਰ ਦੇ ਹੜ੍ਹਾਂ ਨੂੰ ਸਦਾ ਲਈ ਠੱਲ੍ਹ ਪਾਈ ਗਈ। ਬਾਕੀ ਦੇ ਇਲਾਕੇ ਵੀ ਇਹਨਾਂ ਜਾਂਬਾਜ਼ ਬਹਾਦਰਾਂ ਨੇ ਲਹੂ-ਵੀਟਵੀਆਂ ਲੜਾਈਆਂ ਲੜ-ਲੜ ਕੇ ਵਾਪਸ ਲਏ ਅਤੇ ਏਸ ਮੁਲਕ ਦਾ ਹਿੱਸਾ ਬਣਾਏ।

ਕਸ਼ਮੀਰ, ਮੁਲਤਾਨ ਲਈ ਕਈ ਤਰੱਦਦ ਕਰਨੇ ਪਏ। ਆਖ਼ਰ 1819 ਵਿੱਚ 70 ਸਾਲ ਬਾਅਦ ਕਸ਼ਮੀਰ ਨੂੰ ਤੇਗ਼ ਦੇ ਜ਼ੋਰ ਨਾਲ ਅਫ਼ਗਾਨਿਸਤਾਨ ਨਾਲੋਂ ਤੋੜ ਕੇ ਮੁੜ ਏਸ ਮੁਲਕ ਦਾ ਹਿੱਸਾ ਬਣਾਇਆ ਗਿਆ ਅਤੇ ਏਸ ਉੱਤੇ ਸਹੀ ਲੋਕ-ਰਾਜ ਸਥਾਪਤ ਕੀਤਾ ਗਿਆ। ਨਵੇਂ ਮਨੁੱਖ ਦੀ ਇਲਾਕੇ ਦੇ ਰੂਪ ਵਿੱਚ ਹਿੰਦੂ ਨੂੰ ਆਖ਼ਰੀ ਸੌਗਾਤ ਸੀ ਤਿੱਬਤ ਅਤੇ ਇਸਕਾਰਦੂ ਦੇ ਉਹ ਹਿੱਸੇ ਜਿਨ੍ਹਾਂ ਬਿਨਾਂ ਇਹ ਮੁਲਕ ਮਹਿਫ਼ੂਜ਼ ਨਹੀਂ ਸੀ। ਏਸ ਲਈ ਖ਼ਾਲਸਾ ਫ਼ੌਜਾਂ ਨੂੰ ਤਿੱਬਤ ਦੇ ਦਲਾਈਲਾਮਾ ਅਤੇ ਚੀਨ ਦੇ ਸ਼ਨਿਸ਼ਾਹ ਨਾਲ, ਬਰਫ਼ ਦੀਆਂ ਦੁਸ਼ਵਾਰੀਆਂ ਨੂੰ ਉਲੰਘ ਕੇ, ਜੂਝਣਾ ਪਿਆ। ਆਖ਼ਰ 'ਸਰਕਾਰ ਖ਼ਾਲਸਾ ਜੀਉ' ਦੀ ਚੀਨ ਦੇ ਬਾਦਸ਼ਾਹ ਅਤੇ ਦਲਾਈਲਾਮਾ ਨਾਲ ਸੰਧੀ ਹੋਈ ਜਿਸ ਅਧੀਨ ਇਹ ਖ਼ੇਤਰ ਨਵੇਂ ਲੋਕ-ਰਾਜ ਦਾ ਹਿੱਸਾ ਬਣਿਆ।

ਜਮਨਾ ਤੋਂ ਉਰਲੇ ਪਾਰ ਦੇ ਖਿੱਤੇ ਦੀ ਕਥਾ ਬੜੀ ਰੌਚਕ ਹੈ। ਇਹ ਕਹਾਣੀ ਹੈ ਤਨੋਂ ਨੰਗੇ, ਢਿੱਡੋਂ ਭੁੱਖੇ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਮੁਰਸ਼ਦ ਕੋਲੋਂ ਆਤਮਕ ਸ਼ਕਤੀ ਹਾਸਲ ਕਰ ਕੇ ਕੇਵਲ ਆਪਣੇ ਬਾਹੂਬਲ, ਦ੍ਰਿਢ ਇਰਾਦੇ ਅਤੇ ਕੁਰਬਾਨੀ ਦੇ ਬਲਬੂਤੇ ਆਪਣੀ ਅਣਖ ਨੂੰ ਸਥਾਪਤ ਕੀਤਾ। ਇਹ ਲੋਕ ਮਨੁੱਖਤਾ ਲਈ ਪ੍ਰੇਰਨਾ ਸ੍ਰੋਤ ਅਤੇ ਆਪਣੇ ਦੇਸ਼ ਦਾ ਮਾਣ ਬਣੇ।

ਜਮਨਾ ਦੇ ਦੂਜੇ ਕਿਨਾਰੇ ਤੋਂ ਪਾਰ ਦੀ ਕਥਾ ਵੀ ਇੱਕ ਪੱਖੋਂ ਬੜੀ ਦਿਲਚਸਪ ਹੈ। ਮੁੱਢਲੇ ਰੂਪ ਵਿੱਚ ਇਹ ਕਥਾ ਹੈ ਸੂਰਜ ਵੰਸ਼ੀ, ਚੰਦਰ ਵੰਸ਼ੀ, ਰਿਸ਼ੀ-ਰਾਜਾਂ, ਅਵਤਾਰ-ਰਾਜਿਆਂ ਦੀ ਜਿਨ੍ਹਾਂ ਕੋਲ ਹਰ ਕਿਸਮ ਦੀ ਸ਼ਕਤੀ ਮੌਜੂਦ ਸੀ ਅਤੇ ਜਿਨ੍ਹਾਂ ਦੇ ਦੁਰਗ ਲਈ ਪਰਮ-ਪਿਤਾ ਨੇ ਸਮੁੰਦਰ ਨੂੰ ਹੀ ਖੰਦਕ ਬਣਾਇਆ ਹੋਇਆ ਸੀ (ਲੰਕਾ ਸਾ ਕੋਟੁ ਸਮੁੰਦ ਸੀ ਖਾਈ॥)। ਇਹ ਐਸੇ ਤੀਸ ਮਾਰ ਖਾਂ ਨਿਕਲੇ ਕਿ ਜੇ ਕੋਈ ਇੱਕ ਜਹਾਜ਼ ਲੈ ਕੇ ਇਹਨਾਂ ਉੱਤੇ ਹਮਲਾਵਰ ਹੋਇਆ, ਮਸਲਨ ਵਾਸਕੋ ਡਾ ਗਾਮਾ, ਤਾਂ ਇਹਨਾਂ ਓਸੇ ਦੀ ਈਨ ਮੰਨ ਲਈ। ਜੇ ਕਿਤੇ 17 ਘੋੜਸਵਾਰਾਂ ਨਾਲ ਕਿਸੇ ਸ਼ਿਕਾਰ ਚੜ੍ਹੇ ਮਨਚਲੇ ਮੁੰਡੇ ਨੇ ਰਾਜ-ਮਹਿਲ ਉੱਤੇ 'ਹਮਲਾ' ਕਰ ਦਿੱਤਾ ਤਾਂ ਸੂਰਜਵੰਸ਼ੀ, ਸਦੀਆਂ ਤੋਂ ਰਾਜ ਕਰਦੇ ਚੰਦਰਵੰਸ਼ੀ ਭੱਜ ਨਿਕਲੇ। ਹਫ਼ੜਾ-ਦਫ਼ੜੀ ਵਿੱਚ ਨੰਗੇ ਪੈਰੀਂ ਹੀ ਇਤਿਹਾਸ ਵਿੱਚੋਂ ਸਰਪਟ ਦੌੜ ਗਏ। ਦੁਨੀਆਂ ਦੀਆਂ ਵੱਡੀਆਂ ਸਮੁੰਦਰੀ ਸ਼ਕਤੀਆਂ ਨਾਲੋਂ ਵੀ ਜ਼ਿਆਦਾ ਤਟੀ ਇਲਾਕਾ ਕੁਦਰਤ ਨੇ ਇਹਨਾਂ ਨੂੰ ਦਿੱਤਾ ਲੇਕਿਨ ਧਰਮ-ਆਧਾਰਤ ਵਹਿਮਾਂ ਤੋਂ ਤ੍ਰਹਿੰਦੇ ਇਹਨਾਂ ਲੋਕਾਂ ਨੇ ਆਪਣੀ ਕੋਈ ਜਲ ਸੈਨਾ ਨਾ ਬਣਾਈ। ਨਤੀਜੇ ਵਜੋਂ ਵਪਾਰੀ ਜਹਾਜ਼ਾਂ ਵਿੱਚ ਸਮਾਨ ਵੇਚਣ ਆਏ ਵਿਦੇਸ਼ੀਆਂ ਨੇ ਇਹਨਾਂ ਦੇ ਸੂਰਜਵੰਸ਼ੀਆਂ ਦੇ ਤਾਜ ਘੱਟੇ ਵਿੱਚ ਰੋਲ ਦਿੱਤੇ ਅਤੇ ਆਪ ਮੁਲਕ ਦੇ ਹੁਕਮਰਾਨ ਬਣ ਬੈਠੇ।

ਜਦੋਂ ਜ਼ਮਾਨੇ ਦੀ ਨੁਹਾਰ ਬਦਲੀ; ਬਸਤੀਵਾਦ ਨੂੰ ਦਾਸ-ਪ੍ਰਥਾ ਵਾਂਗ ਬੇਹੱਦ ਘਟੀਆ ਕਰਮ ਗਿਣਿਆ ਜਾਣ ਲੱਗਾ; ਜਦੋਂ ਸੰਸਾਰ ਦੀਆਂ ਚੇਤੰਨ ਸ਼ਕਤੀਆਂ ਨੇ ਜ਼ੋਰ ਪਾ ਕੇ ਬਸਤੀਆਂ ਆਜ਼ਾਦ ਕਰਵਾਈਆਂ ਤਾਂ ਇਹਨਾਂ ਦੇ ਪੈਰ ਹੇਠ ਵੀ ਬਟੇਰ ਆ ਗਿਆ; ਆਜ਼ਾਦ ਹੋ ਬੈਠੇ ਪਰ ਹੁਣ ਪਿਛਲੇ ਪ੍ਰਗਟ ਹੋਏ ਤੱਥਾਂ ਨੂੰ ਘੋਖਣ ਤੋਂ ਪਤਾ ਚੱਲਦਾ ਹੈ ਕਿ ਗਦਾਧਾਰੀ ਹਾਥੀਆਂ ਨੂੰ ਅਸਮਾਨ ਵਿੱਚ ਚਲਾ ਕੇ ਮਾਰਨ ਵਾਲੇ ਮਹਾਂਬਲੀਆਂ ਦੇ ਵਾਰਸ, ਆਪਣੇ ਮੁਸਲਮਾਨ ਭਰਾਵਾਂ ਦੇ ਡਰੋਂ ਆਜ਼ਾਦੀ ਦੀ ਕਨਸੋਅ ਸੁਣ ਕੇ ਕੰਬਣ ਲੱਗ ਪਏ। ਉਹ ਆਉਣ ਵਾਲੇ ਲੋਕਤੰਤਰ ਵਿੱਚ ਉਹਨਾਂ ਦੇ ਬਣਦੇ ਹੱਕ ਉਨ੍ਹਾਂ ਨੂੰ ਦੇਣ ਲਈ ਤਿਆਰ ਨਹੀਂ ਸਨ। ਆਖ਼ਰ ਇਹਨਾਂ ਸਾਮਰਾਜੀਆਂ ਦੀਆਂ ਸ਼ਰਤਾਂ ਮੰਨ ਕੇ, ਤਰਲੇ-ਮਿੰਨਤਾਂ ਕਰ ਕੇ ਮੁਸਲਮਾਨਾਂ ਨੂੰ ਵੱਖਰਾ ਦੇਸ਼ ਦੇਣ ਲਈ ਮਨਾ ਹੀ ਲਿਆ। ਇਹਨਾਂ ਦੇ ਪ੍ਰਵਾਣਤ ਮਨਸੂਬੇ ਅਨੁਸਾਰ ਸਾਰਾ ਪੰਜਾਬ ਅਤੇ ਸਾਰਾ ਬੰਗਾਲ ਪਾਕਿਸਤਾਨ ਵਿੱਚ ਜਾਣਾ ਸੀ।

ਕਿਸੇ ਸ਼ੁਭ ਘੜੀ ਮਾਸਟਰ ਤਾਰਾ ਸਿੰਘ ਨੇ ਇੱਕ ਰਵੱਈਆ ਅਖ਼ਤਿਆਰ ਕਰ ਕੇ ਬਹੁਗਿਣਤੀ ਅਸੂਲ ਦੀ ਅੰਸ਼ਕ ਤਰਮੀਮ ਕਰ ਕੇ ਜਾਣ ਵਾਲੇ ਵਿਦੇਸ਼ੀਆਂ ਨੂੰ ਆਖ-ਵੇਖ ਕੇ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਪਾਕਿਸਤਾਨ ਜਾਣ ਤੋਂ ਬਚਾ ਲਿਆ। 1947 ਤੋਂ ਬਾਅਦ ਛਪੀਆਂ ਬੱਚਿਆਂ ਦੀਆਂ ਪਾਠ-ਪੁਸਤਕਾਂ ਵਿੱਚ ਏਸ ਕਾਰਨਾਮੇ ਦਾ ਜ਼ਿਕਰ ਛਪਦਾ ਰਿਹਾ। ਪਰ ਫ਼ੇਰ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਇਹਨਾਂ ਦੇ 'ਮਹਾਨ ਆਜ਼ਾਦੀ ਘੁਲਾਟੀਆਂ' ਨੇ, ਚਰਖੇ ਦੀ ਘੂਕਰ ਨਾਲ ਅੰਗ੍ਰੇਜ਼ ਨੂੰ 'ਡਰਾ' ਕੇ ਸੱਤ ਸਮੁੰਦਰੋਂ ਪਾਰ ਭੇਜਣ ਵਾਲਿਆਂ ਨੇ ਥਾਲੀ ਵਿੱਚ ਪਰੋਸ ਕੇ ਮੁਹੰਮਦ ਅਲੀ ਜਿੱਨਾਹ ਨੂੰ ਖੁਸ਼ੀ-ਖੁਸ਼ੀ ਦਰਸ਼ਨ ਭੇਟ ਦੇ ਦਿੱਤਾ। ਪੰਜ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਹਿੰਦ ਦੀ ਧਰਤੀ ਨੂੰ ਦੇਵੀ ਚਿਤਵ ਕੇ ਪੂਜਣ ਵਾਲਿਆਂ ਦਾ ਸਮਰੱਥ ਹੋਣ ਦਾ ਸ਼ੰਖ ਇਹਨਾਂ 'ਭਾਰਤ ਮਾਤਾ' ਦੇ ਤਿੰਨ ਟੁਕੜਿਆਂ ਵਿੱਚ ਵੰਡੇ ਸਰੀਰ ਦੇ ਸੱਜੇ ਮੋਢੇ ਉੱਤੇ ਖੜ੍ਹ ਕੇ ਵਜਾਇਆ। ਜੇ ਏਥੇ ਹੀ ਸਬਰ ਕਰ ਲੈਂਦੇ ਤਾਂ ਵਾਹਵਾ ਸੀ।

ਆਜ਼ਾਦੀ ਹਾਸਲ ਕਰਦਿਆਂ ਹੀ ਪਾਕਿਸਤਾਨ ਨੇ ਹੰਭਲਾ ਮਾਰ ਕੇ ਕਸ਼ਮੀਰ, ਜਿਸ ਨੂੰ ਉਹ ਆਪਣਾ ਸਮਝਦੇ ਸਨ, ਨੂੰ ਕਬਜ਼ੇ ਵਿੱਚ ਲੈਣ ਲਈ ਕਬਾਇਲੀਆਂ ਕੋਲੋਂ ਹਮਲਾ ਕਰਵਾ ਦਿੱਤਾ। ਇਹਨਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਮੱਖਣ ਦੇ ਗੋਲ਼ੇ ਵਿੱਚੋਂ ਨਿਕਲਦੀ ਛੁਰੀ ਵਾਂਗ ਕਬਾਇਲੀ ਝੱਟ ਸ੍ਰੀਨਗਰ ਦੇ ਦਰਵਾਜੇ ਉੱਤੇ ਆ ਲੱਥੇ। ਅੰਤ ਕਸ਼ਮੀਰ ਦੇ ਅਸਲ ਮਾਲਕਾਂ ਨੂੰ ਵੰਗਾਰ ਪਾਈ ਗਈ ਤਾਂ ਉਹਨਾਂ ਆ ਕੇ ਕਾਗ਼ਜ਼ੀ ਸ਼ੇਰਾਂ ਨੂੰ ਠੱਲ੍ਹ ਪਾਈ। ਉਹਨਾਂ ਦੇ ਮੂੰਹ ਵਾਪਸ ਰਾਵਲਪਿੰਡੀ ਵੱਲ ਮੋੜ ਦਿੱਤੇ। ਕੁਝ ਕੁ ਦਿਨਾਂ ਵਿੱਚ ਹੀ ਸਭ ਕੁਝ ਸਦਾ ਲਈ ਤੈਅ ਹੋ ਜਾਣਾ ਸੀ ਪਰ ਫ਼ੇਰ ਚਰਖੇ ਵਾਲਿਆਂ ਵਿੱਚ ਅਹਿੰਸਾ ਦੀ ਲੋਅ ਜਗ ਪਈ। ਸੰਯੁਕਤ ਰਾਸ਼ਟਰ ਰਾਹੀਂ ਬਾਕੀ ਇਲਾਕਾ ਵਾਪਸ ਲੈਣ ਦੀ ਜ਼ਿਦ ਕਰਨ ਲੱਗੇ। ਜਵਾਹਰ ਲਾਲ ਨੇ (27 ਅਕਤੂਬਰ 1947 ਤੋਂ ਲੈ ਕੇ 24 ਜਨਵਰੀ 1954 ਤੱਕ) ਚੌਦਾਂ ਬਿਆਨ ਦਾਗੇ ਕਿ ਕਸ਼ਮੀਰ ਵਿੱਚ ਸੰਯੁਕਤ ਰਾਸ਼ਟਰ ਰਾਇ- ਸ਼ੁਮਾਰੀ ਕਰਵਾ ਕੇ ਸਾਡੇ ਇਲਾਕੇ ਵਾਪਸ ਦਿਵਾਵੇ। ਮੋਟੇ-ਠੁੱਲ਼੍ਹੇ ਲਫ਼ਜ਼ਾਂ ਵਿੱਚ ਬਗਲੇ ਨੂੰ ਫੜਨ ਦੀ ਤਰਕੀਬ ਇਹ ਬਣਾਈ ਕਿ ਜਦੋਂ ਬਗਲਾ ਅੱਖਾਂ ਮੀਟ ਕੇ ਖੜ੍ਹਾ ਹੋਵੇ ਓਦੋਂ ਅਛੋਪਲੇ ਜਿਹੇ ਉਸ ਦੇ ਸਿਰ ਉੱਤੇ ਮੋਮ ਰੱਖ ਦਿੱਤੀ ਜਾਵੇ। ਜਦੋਂ ਮੋਮ ਧੁੱਪ ਨਾਲ ਢਲ ਕੇ ਅੱਖਾਂ ਵਿੱਚ ਪੈ ਜਾਵੇ, ਬਗਲਾ ਅੰਨ੍ਹਾਂ ਹੋ ਜਾਵੇ ਤਾਂ ਓਸ ਨੂੰ ਫੜ ਲਿਆ ਜਾਵੇ। ਜਦੋਂ ਕਿਸੇ ਆਖਿਆ ਕਿ ਮੋਮ ਰੱਖਣ ਲੱਗੇ ਕਿਉਂ ਨਾ ਫੜ ਲਈਏ ਤਾਂ ਜੁਆਬ ਸੀ, 'ਕਾਇਦੇ, ਕਾਨੂੰਨੀ ਪ੍ਰਕਿਰਿਆ ਦੀ ਵੀ ਕੋਈ ਅਹਿਮੀਅਤ ਹੁੰਦੀ ਹੈ।'

ਜੁਆਬ ਸਹੀ ਸੀ, ਅਰਬਾ ਵੀ ਜਿਉਂ ਕਾ ਤਿਉਂ ਸੀ ਪਰ ਵੱਡੇ ਪੰਡਤਾਂ ਦੀ ਮਿਹਰਬਾਨੀ ਨਾਲ ਕੁਨਬਾ ਸਾਰਾ ਹੀ ਡੁੱਬ ਗਿਆ। ਅੱਧਾ ਕਸ਼ਮੀਰ 63 ਸਾਲ ਬਾਅਦ ਅੱਜ ਵੀ ਉਹਨਾਂ ਦੇ ਕਬਜ਼ੇ ਵਿੱਚ ਹੈ। ਇਹ ਸੀ ਆਜ਼ਾਦੀ ਪ੍ਰਾਪਤ ਲੋਕਾਂ ਦੀ ਆਜ਼ਾਦੀ ਦੀ ਦੇਵੀ ਨੂੰ ਦਿੱਤੀ ਘੁੰਡ ਚੁਕਾਈ। ਪਰ ਇਹ ਮਹਾਂ ਗਿਆਨੀ ਹਨ, ਅਹਿੰਸਾ ਦੇ ਪੁਜਾਰੀ ਹਨ (ਜੇ ਵਿਰੋਧ ਵਿੱਚ ਦੁਸ਼ਮਣ ਹੋਵੇ ਤਾਂਹੀਏਂ), ਮਹਾਂ ਦੇਸ਼ ਭਗਤ ਹਨ; ਰਾਣੀ ਨੂੰ ਕਉਣ ਆਖੇ 'ਰਾਣੀਏ ਅੱਗਾ ਢੱਕ'।

ਜੇ ਏਨੀਂ ਕੁ ਨਾਲ ਹੀ ਸਾਰ ਲੈਂਦੇ ਤਾਂ ਵੀ ਕਿਤੇ ਮੂੰਹ ਵਿਖਾਉਣ ਜੋਗੇ ਰਹਿ ਜਾਂਦੇ। ਸਿੰਘਾਂ ਨੇ ਅਤਿ ਦੀਆਂ ਮੁਸੀਬਤਾਂ ਸਹਿੰਦੇ ਜੋ ਇਸਕਾਰਦੂ, ਗਾਰੋ ਆਦਿ ਦਾ ਇਲਾਕਾ ਡਰੈਗਨ ਦੇ ਆਲ੍ਹਣੇ ਵਿੱਚੋਂ ਕੱਢਿਆ ਸੀ, ਉਹ ਵੀ ਇਹ ਰੱਖ ਨਾ ਸਕੇ ਅਤੇ ਬਾ-ਅਦਬ ਚੀਨ ਨੂੰ ਭੇਟਾ ਕਰ ਦਿੱਤਾ। ਤਿੱਬਤ ਉੱਤੇ ਆਪਣਾ ਅਧਿਕਾਰ ਵੀ ਅਹਿੰਸਾ ਦੀ ਵੇਦੀ ਉੱਤੇ ਬਲੀ ਚੜ੍ਹ ਗਿਆ। ਜਦੋਂ ਪਾਰਲੀਮੈਂਟ ਵਿੱਚ ਏਸ ਬਾਰੇ ਵਿਚਾਰ ਹੋਈ ਤਾਂ ਚਰਖੀ ਘੁਕਾਉਣ ਵਾਲੇ ਪ੍ਰਧਾਨ ਮੰਤਰੀ ਦਾ ਕਹਿਣਾ ਸੀ, 'ਉਹ ਤਾਂ ਬੰਜਰ ਇਲਾਕਾ ਹੈ। ਓਥੇ ਤਾਂ ਘਾਹ ਦਾ ਪੱਤਾ ਵੀ ਨਹੀਂ ਉਗਰਦਾ'। ਏਸ ਦੇ ਜੁਆਬ ਵਿੱਚ ਕਈ ਸੰਸਦ ਮੈਂਬਰਾਂ ਨੇ ਆਪਣੇ ਗੰਜੇ ਸਿਰਾਂ ਉੱਤੇ ਹੱਥ ਫੇਰਦਿਆਂ ਆਖਿਆ, 'ਮੇਰੀ ਖੋਪੜੀ ਉੱਤੇ ਵੀ ਕੁਝ ਨਹੀਂ ਉੱਗਦਾ। ਇਹ ਵੀ ਚੀਨਿਆਂ ਨੂੰ ਦੇ ਦਿਉ।' ਪਰ ਕਿਸੇ ਨੂੰ ਸ਼ਰਮ ਨ ਆਈ ਕਿ ਕੀ ਕੀਤਾ ਜਾ ਰਿਹਾ ਹੈ। ਆਖ਼ਰ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ 'ਜਦੋਂ ਤੱਕ ਚੀਨ ਇਲਾਕਾ ਵਾਪਸ ਨਹੀਂ ਕਰਦਾ ਏਸ ਨਾਲ ਕੋਈ ਗੱਲਬਾਤ ਨਾ ਕੀਤੀ ਜਾਵੇ।' ਪਰ ਇਹ ਭੀਸ਼ਮ-ਪ੍ਰਤਿੱਗਿਆ ਵੀ ਵੱਡੇ ਬਾਲ- ਬ੍ਰਹਮਚਾਰੀਆਂ ਦੇ ਲੰਗੋਟਾਂ ਵਾਂਗ ਨਾ ਜਾਣੇ ਕਦੋਂ ਖੁਰ-ਭੁਰ ਗਈ। ਚੀਨੀ ਅਜੇ ਵੀ ਆਪਣੇ ਦਾਅਵੇ ਉੱਤੇ ਕਾਇਮ ਹਨ, ਇਲਾਕੇ ਉੱਤੇ ਕਾਬਜ਼ ਹਨ ਅਤੇ ਅਗਾਂਹ ਦੇ ਕਈ ਪ੍ਰਦੇਸ਼ਾਂ ਦਾ ਇਲਾਕਾ ਵੀ ਮੰਗ ਰਹੇ ਹਨ। ਏਧਰੋਂ ਵੀ ਨਵੀਂ ਸਿਰਜੀ ਗਾਂਧੀਗਿਰੀ ਕਰ ਕੇ ਅਹਿੰਸਕ ਤਰੀਕੇ ਨਾਲ ਉਹਨਾਂ ਦੇ ਫੀਹਨੇ ਨੱਕ ਵਿੱਚ ਦਮ ਕਰਨ ਲਈ ਚਰਖੇ, ਚਰਖੀਆਂ ਦੇਸ਼-ਭਗਤੀ ਵਿੱਚ ਓਤਪੋਤ ਹੋ ਕੇ ਨਿਰੰਤਰ ਘੁਕਾਈਆਂ ਜਾ ਰਹੀਆਂ ਹਨ। ਪਰ ਨਤੀਜਾ ਸਿਰਫ਼ ਇਹੀ ਹੈ ਕਿ ''ਜੋਗੀ (ਚੀਨੀ) ਉਤਰ ਪਹਾੜੋਂ ਆਏ, ਚਰਖੇ ਦੀ ਘੂਕ ਸੁਣ ਕੇ।"

ਲੈ ਦੇ ਕੇ ਖੱਦਰ ਦੇ ਵੱਡੇ-ਵੱਡੇ ਥਾਨ ਧਾਰਣ ਕਰਨ ਵਾਲਿਆਂ ਨੇ ਜੇ ਵੱਧ ਤੋਂ ਵੱਧ ਇਲਾਕਾ (3702 ਵਰਗ ਕਿਲੋਮੀਟਰ) ਬਾਹੂਬਲ ਨਾਲ ਜਿੱਤ ਕੇ ਮੁਲਕ ਵਿੱਚ ਮਿਲਾਇਆ ਹੈ ਤਾਂ ਉਹ ਹੈ ਚਿੜੀ ਦੇ ਪੰਜੇ ਜਿੰਨਾਂ ਗੋਆ। ਇਹ ਇਹਨਾਂ ਦੀ ਪਿਛਲੇ ਹਜ਼ਾਰਾਂ ਸਾਲਾਂ ਦੀ ਨਿਗੂਣੀ ਜਿਹੀ ਪ੍ਰਾਪਤੀ ਹੈ। ਨਿਗੂਣੀ ਏਸ ਲਈ ਵੀ ਕਿ ਓਥੇ ਕੇਵਲ ਇੱਕ ਸੂਰਮਾ ਰਣਖੇਤ ਰਿਹਾ - ਉਹ ਸੀ ਕਰਨੈਲ ਸਿੰਘ ਈਸੜੂ ਵਾਲਾ।

* ਇਸ ਮੈਅ-ਕਦੇ ਮੇਂ ਸੌਦਾ, ਹਮ ਤੋ ਕਭੀ ਨ ਬਹਿਕੇ,
ਸਬ ਮਸਤੋ ਬੇ-ਖ਼ਬਰ ਥੇ, ਹੋਸ਼ਿਆਰ ਥਾ ਸੋ ਮੈਂ ਥਾ।

ਜ਼ਮਾਨੇ ਦੀ ਚਾਲ ਆਖੀਏ ਜਾਂ ਪ੍ਰਚਾਰ ਸਾਧਨਾਂ ਦੀ ਦੁਰਵਰਤੋਂ? ਅਕਬਰ, ਅਸ਼ੋਕ ਦੇ ਸਮੁੱਚੇ ਇਲਾਕੇ ਨਾਲੋਂ ਵੱਡਾ ਇਲਾਕਾ ਜਿੱਤ ਕੇ ਹਿੰਦ ਵਿੱਚ ਸ਼ਾਮਲ ਕਰਨ ਵਾਲੇ ਤਾਂ ਅੱਜ 'ਅਲੱਗਵਾਦੀ, ਵੱਖਵਾਦੀ ਅਤੇ ਦਹਿਸ਼ਤਗਰਦ ਅਖਵਾਉਂਦੇ ਹਨ'; ਉਹ ਤਾਂ 'ਏਕਤਾ ਆਖੰਡਤਾ ਲਈ ਵੱਡਾ ਖ਼ਤਰਾ ਹਨ' ਜਿਹੜੇ ਕਿ ਰਾਜੀਵ ਗਾਂਧੀ ਅਨੁਸਾਰ ਦੇਸ਼ ਦੀ ਸਰਹੱਦ ਨੂੰ 'ਖਿੱਚ ਕੇ ਤੁਹਾਡੇ ਬਰੂਹਾਂ ਤੱਕ ਲਿਆਉਣ ਲਈ ਸਰਗਰਮ ਹਨ।' ਇਹਨਾਂ ਨੂੰ ਸ਼ਰ੍ਹੇਆਮ ਗੱਦਾਰ ਵੀ ਆਖਿਆ ਗਿਆ ਹੈ (ਯਾਦ ਕਰੋ ਨਾਅਰਾ, ''ਸਰਦਾਰ ਕੀ ਬੇਟੀ, ਗੱਦਾਰ ਕੀ ਬੇਟੀ") ਪਰ ਜਿਨ੍ਹਾਂ ਨੇ ਦੋਨੋਂ ਹੱਥੀਂ ਮੁਲਕ ਦੇ ਇਲਾਕੇ ਲੁਟਾਏ, ਸੁਭਾਸ਼ ਚੰਦਰ ਬੋਸ ਵਰਗਿਆਂ ਨੂੰ ਸਾਬਤ ਨਿਗਲ ਗਏ। ਉਹ 'ਮਹਾਨ ਦੇਸ਼ਭਗਤ' ਅਤੇ ਉੱਤਮ ਅਹਿੰਸਾਵਾਦੀ ਅਖਵਾਉਂਦੇ ਹਨ। ਉਹਨਾਂ ਦੀ ਔਲਾਦ ਦਾ ਕਦੇ ਤਖ਼ਤ ਉੱਤੋਂ ਪੈਰ ਹੀ ਥੱਲੇ ਨਹੀਂ ਲਹਿੰਦਾ। (ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥)। ਇਹ ਗੂੜ੍ਹ-ਰਹੱਸ ਤਾਂ ਸ਼ਾਸਤਰਾਂ ਦਾ ਭਰਪੂਰ ਗਿਆਨ ਹੀ ਖੋਲ੍ਹ ਕੇ ਸਮਝਾ ਸਕਦਾ ਹੈ। ਦਮੋਦਰ ਪਰਮਾਨੰਦ ਕੋਸੰਭੀ, ਆਪਣੀ ਪੁਸਤਕ (Myth and Reality) ਵਿੱਚ ਇੱਕ ਥਾਵੇਂ (ਪੰਨਾਂ 24 ਉੱਤੇ) ਦੇਵਰਾਜ ਇੰਦਰ ਦਾ ਸ਼ਾਸਤਰਾਂ ਵਿਚਲਾ ਬਿਆਨ ਚਿਤਾਰਦਾ ਹੈ। ਇੰਦਰ ਨੇ ... ਨੂੰ ਆਖਿਆ, ਮੈਂ ਤਿੰਨ ਸਿਰੇ ਨੂੰ ਮਾਰਿਆ, ਅਰੂਰਮਘ ਰਿਸ਼ੀ ਨੂੰ ਬਘਿਆੜਾਂ ਮੂਹਰੇ ਸੁਟਵਾ ਦਿੱਤਾ ਅਤੇ ਕਈ ਸੰਧੀਆਂ ਨੂੰ ਦਰੜਦਿਆਂ ਮੈਂਨੇ ਸਵਰਗਾਂ ਵਿੱਚ ਦੇਵਤਿਆਂ ਨੂੰ ਚੀਰਿਆ, ਪਰਾ-ਮਨੁੱਖਾਂ ਨੂੰ ਅੰਤਰਿਕਸ਼ ਵਿੱਚ ਅਤੇ ਕਾਲਕੰਗਾਂ ਨੂੰ ਏਸ ਧਰਤੀ ਉੱਤੇ। ਪਰ ਮੈਂ ਵਾਲ ਭਰ ਵੀ ਨਹੀਂ ਝਿਜਕਿਆ। ਜੋ ਮੈਨੂੰ ਸਮਝਦੇ ਹਨ ਉਹਨਾਂ ਦੀ ਦੁਨੀਆਂ ਦਾ ਕਦੇ ਵੀ ਉਹਨਾਂ ਦੀ ਕਿਸੇ ਕਰਤੂਤ ਨਾਲ ਕੋਈ ਨੁਕਸਾਨ ਨਹੀਂ ਹੁੰਦਾ: ਭਾਵੇਂ ਉਹ ਆਪਣੀ ਮਾਂ ਨੂੰ ਮਾਰ ਦੇਵੇ (ਤਖਤ ਢਾਹੇ, ਦਰਬਾਰ ਵਿੰਨ੍ਹੇ, ਕੁਤਬਖਾਨਾ ਫੂਕੇ) ਚਾਹੇ ਆਪਣੇ ਪਿਤਾ ਨੂੰ (ਸੰਤ , ਸੇਵਾਦਾਰ, ਸ਼ਰਧਾਲੂ); ਨਾ ਜਬਰੀ ਖੋਹ ਕਰਨ (2ਜੀ ਸਪੈਕਟ੍ਰਮ, ਐੱਸ-ਬੈਂਡ ਸਪੈਕਟ੍ਰਮ, ਬੇਲਾਰੀ ਲੋਹਾ ਖਾਣਾਂ ਜਿਹੇ ਅਨੇਕਾਂ ਘਪਲਿਆਂ) ਨਾਲ ਅਤੇ ਨਾ ਹੀ ਭਰੂਣ ਹੱਤਿਆ ਕਰਨ ਨਾਲ। ਉਹ ਚਾਹੇ ਜੋ ਵੀ ਪਾਪ ਕਰੇ ਓਸ ਦਾ ਤੇਜ-ਪ੍ਰਤਾਪ ਕਦੇ ਮੱਠਾ ਨਹੀਂ ਪੈਂਦਾ।'

No comments:

Post a Comment