Saturday, September 25, 2010

ਇੱਕ ਨਿਵੇਕਲੇ ਪ੍ਰਧਾਨ ਮੰਤਰੀ ਦੀ ਦਾਅਵਤ

ਇੱਕ ਵਾਰ ਬੱਚਿਆਂ ਨੂੰ ਚਿੜੀਆ ਘਰ ਲੈ ਕੇ ਗਏ। ਉਹਨਾਂ ਨੇ ਪੱਖੀ ਵਰਗੀ ਪੂਛ ਵਾਲੇ ਕਬੂਤਰ ਨੱਚਦੇ ਵੇਖੇ, ਪੈਲ਼ਾਂ ਪਾਉਂਦੇ ਮੋਰ, ਕਈ ਕਿਸਮ ਦੇ ਹੋਰ ਪਰਿੰਦੇ ਅਤੇ ਵੰਨ-ਸੁਵੰਨੇ ਪਸ਼ੂ ਵੀ। ਧਾਰੀਆਂ ਵਾਲੇ ਜ਼ੈਬਰੇ, ਔਸਟ੍ਰੇਲੀਆ ਦੇ ਕੈਂਗਰੂ ਆਦਿ ਨੂੰ ਵੇਖ ਕੇ ਉਹ ਬੜੇ ਖੁਸ਼ ਹੋਏ। ਜਾਨਵਰਾਂ ਦੀਆਂ ਬੋਲੀਆਂ ਦੀ ਨਕਲ ਕਰਦੇ,ਚਿੜੀਆਂ ਵਾਂਗੂੰ ਚਹਿਕਦੇ ਉਹ ਸਾਡੇ ਆਲੇ-ਦੁਆਲੇ ਨੱਚਦੇ-ਟੱਪਦੇ ਚਿੜੀਆ ਘਰ ਵਿੱਚ ਤੁਰਦੇ-ਫ਼ਿਰਦੇ ਰਹੇ। ਏਨੇਂ ਵਿੱਚ ਉੱਚੀਆਂ-ਉੱਚੀਆਂ ਸਲਾਖਾਂ ਵਾਲਾ ਸੁੰਨਾ ਜਿਹਾ ਵਾੜਾ ਆ ਗਿਆ। ਓਸ ਨੂੰ ਵੇਖ ਕੇ ਉਹ ਸਹਿਮ ਗਏ ਅਤੇ ਅਸੀਂ ਵੀ। ਕੋਲ ਖੜ੍ਹੇ ਚੌਕੀਦਾਰ ਆਖਣ ਲੱਗੇ, 'ਦੂਰ ਰਹੋ, ਦੂਰ ਰਹੋ। ਛੋਟੀ ਵਲਗਣ ਤੋਂ ਅੱਗੇ ਕੁਈ ਨਾ ਆਵੇ।' ਵੱਡੀ ਵਲਗਣ ਪਿੱਛੇ ਸ਼ੇਰ ਦੀ ਰਿਹਾਇਸ਼ਗਾਹ ਸੀ।

ਆਪਣੇ ਦੋ ਦੋਸਤਾਂ ਨਾਲ ਮੈਂ ਪਾਰਲਾਮੈਂਟ ਦੀ ਅਨੈਕਸੀ ਵਿੱਚ ਕੁਝ ਕੰਮ-ਕਾਰ ਦੇ ਸਿਲਸਿਲੇ ਵਿੱਚ ਗਿਆ। ਅਜੇ ਦਸ, ਵੀਹ ਕਦਮ ਹੀ ਪੁੱਟੇ ਸਨ ਕਿ ਦਹਿਸ਼ਤ ਵਾਲੇ ਮਾਹੌਲ ਨੂੰ ਚਾਰੇ ਪਾਸੇ ਪਸਰਿਆ ਪਾਇਆ। ਅੱਧੇ ਕੁ ਬੰਦ ਬਰਾਂਡੇ ਵਿੱਚ ਕਿੱਲਿਆਂ ਉੱਤੇ ਤਾਣ ਕੇ ਰੱਸੀ ਬੰਨ੍ਹੀ ਹੋਈ ਸੀ;ਤਿੰਨ-ਚਾਰ ਵਰਦੀਧਾਰੀ ਚਪੜਾਸੀ ਕਿਸਮ ਦੇ ਲੋਕ ਅਤੇ ਕੁਝ ਸਿਪਾਹੀ ਬੜੇ ਸਤਰਕ ਹੋ ਕੇ ਖੜ੍ਹੇ ਸਨ। ਅਚਾਨਕ ਭੱਜ-ਨੱਸ ਸ਼ੁਰੂ ਹੋ ਗਈ। ਕੁਝ ਸਾਡੇ ਵੱਲ ਵੀ ਆਏ ਅਤੇ ਆਖਣ ਲੱਗੇ, 'ਪਾਸੇ ਹੋ ਜਾਉ, ਪਾਸੇ ਹੋ ਜਾਉ।' ਮੈਂ ਸੋਚਿਆ ਕੁਈ ਖੂੰਖਾਰ ਸ਼ੇਰ, ਚੀਤਾ ਏਥੇ ਆ ਵੜਿਆ ਹੈ! ਅਸੀਂ ਕੁਝ ਪੁੱਛਣ ਹੀ ਲੱਗੇ ਸੀ ਕਿ ਅਚਨਚੇਤ ਸਾਡੇ ਸਾਹਮਣੇ ਵਾਲਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਬਿਲਕੁਲ ਸਾਹਮਣੇ ਦਸ ਕੁ ਫੁੱਟ ਦੀ ਦੂਰੀ ਉੱਤੇ ਆ ਪ੍ਰਗਟ ਹੋਏ। ਖੱਬੇ-ਸੱਜੇ ਕਈ ਕੜਛੀਆਂ-ਚਮਚੇ ਸਨ, ਕੁਝ ਕੁ ਸੁਰੱਖਿਆ ਵਾਲੇ ਵੀ ਨਾਲ ਸਨ।

ਮੈਨੂੰ ਸਾਹਮਣੇ ਵੇਖਦਿਆਂ ਸਾਰ ਕਹਿਣ ਲੱਗੇ, 'ਭਾਈ! ਕਹਾਂ ਘੂਮ ਰਹੇ ਹੋ!' ਮੈਂ ਆਖਿਆ ਕਿ ਇੱਕ ਕੰਮ ਆਏ ਸਾਂ। ਕਹਿਣ ਲੱਗੇ, 'ਅਬ ਤੋ ਖਾਨੇ ਕਾ ਵਕਤ ਹੈ। ਆਉ, ਚਲੋ ਖਾਨਾ ਖਾਤੇ ਹੈਂ। ਕਾਮ ਬਾਅਦ ਮੇਂ ਕਰਨਾ।' ਮੈਂ ਕਿਹਾ ਕਿ ਨਾਲ ਇਹ ਦੋਸਤ ਹਨ ਤਾਂ ਬੋਲੇ, 'ਇਨ ਕੋ ਭੀ ਸਾਥ ਲੇ ਚਲਤੇ ਹੈਂ।'ਹੁਣ ਮੇਰੇ ਕੋਲ ਆਖਣ ਨੂੰ ਕੁਝ ਨਾ ਰਿਹਾ ਅਤੇ ਚੁੱਪ-ਚਾਪ ਅਸੀਂ ਤਿੰਨੋਂ ਪ੍ਰਧਾਨ ਮੰਤਰੀ ਨਿਵਾਸ ਉੱਤੇ ਪਹੁੰਚ ਗਏ।

ਏਸ ਤੋਂ ਪਹਿਲਾਂ ਜਦੋਂ ਮੈਂ ਡੈਪੂਟੇਸ਼ਨ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਿਆ ਸਾਂ ਤਾਂ ਉਹਨਾਂ ਦੀ ਰਿਹਾਇਸ਼ ਦੇ ਸਾਹਮਣੇ ਵਾਲੇ ਕਮਰੇ ਵਿੱਚ, ਜਿੱਥੇ ਆਏ-ਗਏ ਬੈਠਦੇ ਸਨ, ਦੋ ਵੱਡੀਆਂ ਢਾਈ ਫੁੱਟ ਦੀਆਂ ਤਸਵੀਰਾਂ ਲੱਗੀਆਂ ਸਨ। ਇਹਨਾਂ ਵਿੱਚੋਂ ਇੱਕ ਗੁਰੂ ਨਾਨਕ ਦੀ ਸੀ ਅਤੇ ਦੂਸਰੀ ਗੁਰੂ ਗੋਬਿੰਦ ਸਿੰਘ ਦੀ। ਮੈਂ ਸੋਚਿਆ ਸੀ ਕਿ 'ਸ਼ਾਇਦ ਸਾਡੇ ਡੈਪੂਟੇਸ਼ਨ ਉੱਤੇ ਚੰਗਾ ਪ੍ਰਭਾਵ ਪਾਉਣ ਲਈ ਲਾਈਆਂ ਗਈਆਂ ਹਨ'। ਉਦੋਂ ਮੈਂ ਸੋਚ ਰਿਹਾ ਸੀ ਕਿ ਜਦੋਂ ਕਦੇ ਨਾਗ਼ੇ ਮਿਲਣ ਆਏ ਤਾਂ ਉਹਨਾਂ ਦੇ ਧਾਰੀ ਵਾਲੇ ਚਾਦਰਿਆਂ ਸਮੇਤ ਪੰਜ-ਸੱਤ ਨਕਲੀ ਜਿਹੇ ਫੁੰਮਣਾਂ ਵਾਲੇ ਬਰਛੇ ਏਥੇ ਟੰਗ ਦੇਣਗੇ। ਪ੍ਰਧਾਨ ਮੰਤਰੀ ਨਾਲ ਪਹੁੰਚਣ ਉੱਤੇ ਮੈਂ ਸਭ ਤੋਂ ਪਹਿਲਾਂ ਓਸੇ ਕਮਰੇ ਵਿੱਚ ਝਾਤੀ ਮਾਰੀ ਤਾਂ ਵੇਖਿਆ ਕਿ ਉਹ ਦੋਵੇਂ ਤਸਵੀਰਾਂ ਅਜੇ ਵੀ ਓਥੇ, ਓਸੇ ਤਰਤੀਬ ਵਿੱਚ ਲੱਗੀਆਂ ਹੋਈਆਂ ਸਨ।

ਖਾਣੇ ਲਈ ਅਸੀਂ ਸਾਰੇ ਇੱਕ ਘਰ ਤੋਂ ਨਵੇਕਲੇ ਸ਼ੀਸ਼ਿਆਂ ਵਾਲੇ ਗੋਲ਼ ਕਮਰੇ ਵਿੱਚ ਚੰਦਰ ਸ਼ੇਖਰ ਦੇ ਪਰਿਵਾਰ ਨਾਲ ਹੀ ਜ਼ਮੀਨ ਉੱਤੇ ਬੈਠ ਗਏ। ਓਸ ਵਿੱਚ ਕੰਧਾਂ ਨਾਲ ਸਟ ਕੇ ਬਣੀਆਂ ਅਲਮਾਰੀਆਂ ਸਨ ਜਿਨ੍ਹਾਂ ਵਿੱਚ ਉੱਤੋਂ ਲੈ ਕੇ ਥੱਲੇ ਤੱਕ ਸੈਂਕੜੇ ਕਿਤਾਬਾਂ ਰੱਖੀਆਂ ਗਈਆਂ ਸਨ। ਘੋਖਵੀਂ ਨਜ਼ਰ ਨਾਲ ਵੇਖਿਆ ਤਾਂ ਤਕਰੀਬਨ ਸਾਰੀਆਂ ਹੀ ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਤ ਸਨ। ਗੁਰੂ ਗ੍ਰੰਥ ਸਾਹਿਬ ਦੇ ਅੰਗ੍ਰੇਜ਼ੀ ਉਲੱਥੇ, ਗੋਪਾਲ ਸਿੰਘ ਅਤੇ ਮਨਮੋਹਣ ਸਿੰਘ ਵਾਲੇ, ਮੌਜੂਦ ਸਨ। ਮੇਰੀਆਂ ਨਜ਼ਰਾਂ ਵਿੱਚ ਤੈਰਦੇ ਸਵਾਲੀਆ ਨਿਸ਼ਾਨ ਨੂੰ ਵੇਖ ਕੇ ਚੰਦਰ ਸ਼ੇਖਰ ਨੇ ਆਪੇ ਦੱਸਿਆ ਕਿ ਇਹ ਸਾਰੀਆਂ ਕਿਤਾਬਾਂ ਓਸ ਨੇ ਪੜ੍ਹ ਲਈਆਂ ਹਨ। ਇਹ ਵੀ ਦੱਸਿਆ ਕਿ ਬਹੁਤੀਆਂ ਓਦੋਂ ਪੜ੍ਹੀਆਂ ਸਨ ਜਦੋਂ ਉਹਨਾਂ ਨੂੰ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਵਿਰੁੱਧ ਰੋਸ ਕਰਨ ਕਾਰਣ ਜੇਲ੍ਹ ਬੰਦ ਕਰ ਦਿੱਤਾ ਗਿਆ ਸੀ।

ਚੰਦਰ ਸ਼ੇਖਰ ਦਾ ਕਹਿਣਾ ਸੀ ਕਿ ਜਦੋਂ ਉਹ ਪਟਿਆਲਾ ਜੇਲ੍ਹ ਵਿੱਚ ਕੈਦ ਸਨ ਤਾਂ ਕਈ ਵਾਰ ਮਨ ਬਹੁਤ ਵਿਚਲਿਤ ਹੋ ਜਾਂਦਾ ਸੀ। ਕਦੇ ਲੱਗਦਾ ਸੀ ਕਿ ਇਹ ਹਨੇਰੀ ਰਾਤ ਮੁੱਕੀ ਕਿ ਮੁੱਕੀ ਅਤੇ ਕਦੇ ਲੱਗਦਾ ਸੀ ਕਿ ਇਹ ਕਿਸੇ ਸਰਾਲ ਵਾਂਗ ਦੂਰ-ਦੂਰ ਤੱਕ ਫ਼ੈਲੀ ਹੋਈ ਹੈ। ਉਹਨਾਂ ਦਿਨਾਂ ਵਿੱਚ ਓਸ ਦਾ ਧਿਆਨ ਗੁਰਦੁਆਰਾ ਦੂਖ ਨਿਵਾਰਣ ਤੋਂ ਹੁੰਦੇ ਕੀਰਤਨ ਨੇ ਖਿੱਚਿਆ। ਜਦੋਂ ਧਿਆਨ ਲਾ ਕੇ ਸੁਣਿਆ ਜਾਂਦਾ ਤਾਂ ਸਮਝ ਵੀ ਕਾਫ਼ੀ ਹੱਦ ਤੱਕ ਆਉਣ ਲੱਗ ਪਿਆ। ਕੀਰਤਨ ਸੁਣਨ ਨਾਲ ਮਨ ਨੂੰ ਵੱਡਾ ਧਰਵਾਸ ਮਿਲਦਾ ਅਤੇ ਰੂਹ ਨੂੰ ਮੁਸ਼ਕਲਾਂ ਨਾਲ ਜੂਝਣ ਲਈ ਚੰਗੀ ਤਕੜੀ ਖੁਰਾਕ ਵੀ। ਓਹਨੀਂ ਦਿਨੀਂ ਓਸ ਨੇ ਗੁਰੂ ਗ੍ਰੰਥ ਸਾਹਿਬ ਦਾ ਮੁਤਾਲਿਆ ਵੀ ਬੜੇ ਧਿਆਨ ਨਾਲ ਕੀਤਾ ਸੀ।

ਖਾਣਾ ਥਾਲ਼ੀਆਂ ਵਿੱਚ ਆਇਆ। ਚੰਦਰ ਸ਼ੇਖਰ ਦੇ ਪਰਿਵਾਰ ਦੇ ਤਿੰਨ-ਚਾਰ ਹੋਰ ਵੀ ਸ਼ਖਸ ਸਨ ਪਰ ਅੱਜ ਮੈਨੂੰ ਸਿਰਫ਼ ਓਸ ਦੇ ਭਤੀਜੇ ਬਬਲੂ ਦਾ ਇਹ ਛੋਟਾ ਨਾਂ ਹੀ ਯਾਦ ਹੈ। ਥਾਲ਼ੀਆਂ ਵਿੱਚ ਸਭ ਤੋਂ ਪਹਿਲਾਂ ਕੱਦੂ ਦੀ ਖਿਚੜੀ ਵਰਗੀ ਕੱਦੂ ਦੀ ਸਬਜ਼ੀ ਪਾਈ ਗਈ ਜਿਸ ਦੀਆਂ ਉਹਨਾਂ ਸਾਰਿਆਂ ਨੇ ਨਿੱਕੀਆਂ ਵੱਟਾਂ ਜਿਹੀਆਂ ਬਣਾ ਲਈਆਂ। ਅਸੀਂ ਤਿੰਨਾਂ ਨੇ ਵੀ ਇਵੇਂ ਕੀਤਾ। ਫ਼ੇਰ ਇਉਂ ਬਣੀਆਂ ਕੌਲੀਆਂ ਵਿੱਚ ਦਾਲ਼, ਸਬਜ਼ੀ, ਚੌਲ ਆਦਿ ਪਾ ਕੇ ਖਾਣਾ ਆਰੰਭ ਕੀਤਾ। ਆਖ਼ਰ ਉਹ ਵੱਟਾਂ ਵੀ ਪਰਿਵਾਰ ਦੀ ਵੇਖਾ-ਵੇਖੀ ਅਸੀਂ ਛਕ ਲਈਆਂ। ਖਾਣਾ ਬਹੁਤ ਸਾਦਾ ਸੀ ਪਰ ਸਵਾਦ ਸੀ ਅਤੇ ਮਾਹੌਲ ਬੜਾ ਖੁਸ਼ਗਵਾਰ। ਦਾਅਵਤ ਪ੍ਰਧਾਨ ਮੰਤਰੀ ਵੱਲੋਂ ਹੋਣ ਕਰ ਕੇ ਯਾਦਗਾਰੀ ਹੋ ਨਿੱਬੜਨ ਦੀ ਸਮਰੱਥਾ ਰੱਖਦੀ ਸੀ। ਚੰਦਰ ਸ਼ੇਖਰ ਨੂੰ ਨਾ ਕੁਈ ਕਾਹਲ ਸੀ ਅਤੇ ਨਾ ਹੀ ਚਿੰਤਾ। ਓਸ ਦਾ ਸੁਭਾਅ ਵੀ ਪੰਜਾਬੀਆਂ ਵਾਂਗ ਹੀ ਖੁੱਲ੍ਹਾ-ਡੁੱਲ੍ਹਾ ਸੀ। ਏਸ ਦੇ ਮੁਕਾਬਲੇ ਵਿੱਚ ਨਰਸਿਮਹਾ ਰਾਉ,ਜਿਹੜਾ ਬਾਅਦ ਵਿੱਚ ਪ੍ਰਧਾਨ ਮੰਤਰੀ ਬਣਿਆ, ਕਾਫ਼ੀ ਨਾਪ-ਤੋਲ ਕੇ ਬੋਲਣ ਵਾਲਾ ਅਤੇ ਅੱਧੀਆਂ ਗੱਲਾਂ ਅਣਕਹੀਆਂ ਰੱਖ ਕੇ ਵਾਰਤਾਲਾਪ ਕਰਨ ਵਾਲਾ ਇਨਸਾਨ ਸੀ।

ਬਾਅਦ ਵਿੱਚ, ਵਾਪਸ ਆਉਂਦਿਆਂ ਸੁਖਿੰਦਰ ਸਿੰਘ ਅਤੇ ਮੁਖਿੰਦਰ ਸਿੰਘ ਆਖਣ ਲੱਗੇ, ''ਕੁਈ ਹੋਰ ਪ੍ਰਧਾਨ ਮੰਤਰੀ ਨਾਲ ਖਾਣਾ ਖਾ ਕੇ ਆਏ ਹੁੰਦੇ ਤਾਂ ਉਹਨਾਂ ਡੰਡ ਪਾ ਦੇਣੀ ਸੀ। ਆਪਣੇ ਵੱਲ ਵੇਖੋ! ਆਪਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਏਸ ਗੱਲ ਨੂੰ ਕਿਵੇਂ ਚਰਚਾ ਵਿੱਚ ਲਿਆਈਦਾ ਹੈ।'' ਉਹਨਾਂ ਦਾ ਵਿਚਾਰ ਠੀਕ ਸੀ। ਮੇਰੀ ਜਾਚੇ ਇਹ ਘਟਨਾ ਆਪਣੇ-ਆਪ ਵਿੱਚ ਚਰਚਾ ਵਿੱਚ ਲਿਆਉਣ ਵਾਲੀ ਨਹੀਂ ਸੀ। ਏਸ ਨੂੰ ਜੇ ਮੈਂ ਅੱਜ ਲਿਖਣ ਬੈਠਾ ਹਾਂ ਤਾਂ ਕੇਵਲ ਚੰਦਰ ਸ਼ੇਖਰ ਦੀ ਖੁੱਲ੍ਹਦਿਲ਼ੀ ਅਤੇ ਸਾਦਗੀ ਨੂੰ ਦੱਸਣ ਲਈ। ਸ਼ਾਇਦ ਏਸ ਤੋਂ ਪਰ੍ਹੇ ਜਾ ਕੇ ਮੈਂ ਓਸ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਸਦਭਾਵਨਾ ਨੂੰ ਲਿਖਤ ਵਿੱਚ ਲਿਆਉਣ ਨੂੰ ਜ਼ਰੂਰੀ ਸਮਝ ਕੇ ਲਿਖਣ ਲੱਗਾ ਹਾਂ। ਇਹ ਉਹ ਤੱਥ ਹਨ ਜੋ ਕਿਸੇ ਨੇ ਕਦੇ ਵੀ ਪ੍ਰਗਟ ਨਹੀਂ ਕਰਨੇ ਕਿਉਂਕਿ ਸਿੱਖਾਂ ਪ੍ਰਤੀ ਨਫ਼ਰਤ ਅਤੇ ਸਿੱਖੀ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਨਾਲ ਲਿੱਬੜੀ ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੁ) ਦੀ ਮਾਨਸਿਕਤਾ ਅਜਿਹੇ ਵਾਕਿਆਤ ਨੂੰ ਇਤਿਹਾਸ ਦੇ ਹਨੇਰੇ ਖੂੰਜਿਆਂ ਵਿੱਚ ਦਫ਼ਨ ਕਰਨ ਨੂੰ ਤਰਜੀਹ ਦੇਣ ਦੀ ਆਦੀ ਹੋ ਚੁੱਕੀ ਹੈ।

ਸਿਰਦਾਰ ਕਪੂਰ ਸਿੰਘ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਜਵਾਹਰ ਲਾਲ ਨਹਿਰੂ ਵਰਗੇ ਕੱਟੜ ਸਿੱਖ-ਵਿਰੋਧੀ ਦੀ ਕਬੀਨਾ ਵਿੱਚ ਵੀ ਇੱਕ ਬਿਹਾਰੀ ਮੰਤਰੀ ਸੀ ਜਿਸ ਦੇ ਪੂਰਵਜ ਕਦੇ ਸਿੱਖੀ ਦੇ ਨੇੜੇ ਰਹੇ ਸਨ। ਓਸ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਬੜੀ ਹਲੀਮੀ ਨਾਲ ਉਹਨਾਂ ਨੂੰ ਘਰ ਖਾਣੇ ਉੱਤੇ ਆਉਣ ਦਾ ਸੱਦਾ ਦਿੱਤਾ। ਜਦੋਂ ਸਿਰਦਾਰ ਪਹੁੰਚੇ ਤਾਂ ਮੰਤਰੀ ਤੇ ਓਸ ਦੀ ਪਤਨੀ ਦਰਵਾਜੇ ਉੱਤੇ ਖੜ੍ਹੇ ਇੰਤਜ਼ਾਰ ਕਰ ਰਹੇ ਸਨ। ਦੋਨੋਂ ਜਣੇ ਉਹਨਾਂ ਨੂੰ ਅੰਦਰ ਲੈ ਗਏ, ਸੋਫ਼ੇ 'ਤੇ ਬਿਠਾਇਆ ਅਤੇ ਕਈ ਵਾਰ ਮਨ੍ਹਾ ਕਰਨ ਦੇ ਬਾਵਜੂਦ ਉਹ ਕੋਸਾ ਪਾਣੀ ਲੈ ਕੇ ਆਏ ਅਤੇ ਬੜੇ ਸਤਿਕਾਰ ਨਾਲ ਸਿਰਦਾਰ ਦੇ ਪੈਰ ਧੋਤੇ। ਮੰਤਰੀ ਦੀ ਪਤਨੀ ਨੇ ਤੌਲੀਆ ਲੈ ਕੇ ਪਾਣੀ ਸੁਕਾਇਆ ਅਤੇ ਫ਼ੇਰ ਆਪਣੇ ਹੱਥੀਂ ਦੋਨਾਂ ਨੇ ਜਰਾਬਾਂ, ਬੂਟ ਪਾ ਕੇ ਫ਼ੀਤੇ ਬੰਨ੍ਹੇ ਅਤੇ ਦੱਸਿਆ ਕਿ ਗੁਰਪੁਰਬ ਵਾਲੇ ਦਿਨ ਗੁਰੂ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਉਹਨਾਂ ਦੇ ਖਾਨਦਾਨ ਵਿੱਚ ਏਹੋ ਰੀਤ ਕਈ ਸਦੀਆਂ ਤੋਂ ਚੱਲੀ ਆਉਂਦੀ ਹੈ।

ਕੀ ਅਸੀਂ ਸਭ ਨੂੰ ਇੱਕੋ ਰੱਸੀ ਬੰਨ੍ਹਣ ਦੇ ਆਦੀ ਹੋ ਕੇ ਆਪਣੇ ਸੁਹਿਰਦ ਲੋਕਾਂ ਦਾ ਘੇਰਾ ਸਉੜੇ ਤੋਂ ਸਉੜਾ ਤਾਂ ਨਹੀਂ ਕਰਦੇ ਜਾ ਰਹੇ? ਭਾਰਤ ਦੇ ਪਹਿਲੇ ਰਾਸ਼ਟਰਪਤੀ ਬਾਬੂ ਰਾਜੇਂਦਰ ਪ੍ਰਸਾਦ ਦੇ ਦਿਲ਼ ਦੀ ਕਿਸੇ ਨੁੱਕਰ ਵਿੱਚ ਸਿੱਖੀ ਦਾ ਅੰਸ਼ ਮੌਜੂਦ ਸੀ ਅਤੇ ਉਹ ਸੁਖਮਨੀ ਸਾਹਿਬ ਦਾ ਪਾਠ ਕੀਤੇ ਬਿਨਾ ਸੁਬਹ ਦਾ ਖਾਣਾ ਨਹੀਂ ਸੀ ਖਾਂਦਾ। ਇਹਨਾਂ ਸੁਹਿਰਦ ਲੋਕਾਂ ਦੀ ਸੁਹਿਰਦਤਾ ਨੂੰ ਪਰਖਣ ਵਾਲੀ ਪਾਰਖੂ ਅੱਖ ਸਾਡੇ ਮਹਾਂ-ਮਹਾਨ ਆਗੂਆਂ ਨੂੰ ਕਿਉਂ ਪ੍ਰਾਪਤ ਨਹੀਂ ਹੁੰਦੀ? ਅਤੇ ਦੋਵੇਂ ਅੱਖਾਂ ਖੋਲ੍ਹ ਕੇ ਇਹ ਕੱਟੜ ਸਿੱਖ-ਵਿਰੋਧੀ ਕਿਰਦਾਰ ਵਾਲਿਆਂ ਦੇ ਕਿਵੇਂ ਨੇੜੇ ਢੁਕ-ਢੁਕ ਬੈਠਦੇ ਹਨ? ਉਹਨਾਂ ਉੱਤੇ ਹੀ ਕਿਉਂ ਇਹ ਅਥਾਹ ਭਰੋਸਾ ਕਰਦੇ ਹਨ? ਇਹ ਹੂੜ ਮੱਤ ਤੋਂ ਪ੍ਰੇਰਤ ਵਰਤਾਰਾ ਖ਼ਾਲਸੇ ਦਾ ਕਿਵੇਂ ਬਣ ਗਿਆ - ਖ਼ਾਲਸਾ ਤਾਂ ਨਿਰੋਲ ਗਿਆਨ ਰੂਪ ਸੀ, ਹਰ ਸੁਹਿਰਦ ਨਾਲ ਪਿਆਰ ਵਧਾਉਣ ਵਾਲਾ ਹੁੰਦਾ ਸੀ। ਜਾਂ ਕਿਤੇ ਅਜਿਹਾ ਤਾਂ ਨਹੀਂ ਕਿ ਇਹ ਨੇਤਾ ਲੋਕ ਦਿਲ਼ੋਂ ਖ਼ਾਲਸਾ ਸਰੋਕਾਰਾਂ ਨੂੰ ਪਿੱਠ ਦੇ ਚੁੱਕੇ ਹਨ ਅਤੇ ਸਿੱਖੀ ਦੇ ਭਵਿੱਖ ਪ੍ਰਤੀ ਉੱਕਾ ਬੇਪ੍ਰਵਾਹ ਹਨ।
[ਤਾਰਿਆਂ ਭਰੀ ਚੰਗੇਰ ਵਿੱਚੋਂ। ਸਤੰਬਰ 17, 2010 ]

No comments:

Post a Comment