Friday, August 13, 2010

ਬੰਦਾ ਵੀਰ ਵੈਰਾਗੀ ਜਾਂ ਬੰਦਾ ਸਿੰਘ ਬਹਾਦਰ?

Friday, August 13, 2010


ਬੰਦਾ ਵੀਰ ਵੈਰਾਗੀ ਜਾਂ ਬੰਦਾ ਸਿੰਘ ਬਹਾਦਰ?

ਸਾਹਿਬਾਂ ਦੇ ਬਿਰਦ ਨੂੰ ਪ੍ਰਗਟ ਕਰਦਾ ਹੋਇਆ ਕਵੀ ਕਹਿੰਦਾ ਹੈ, ''ਇਨ ਚਿੜੀਅਨ ਤੇ ਮੈਂ ਬਾਜ਼ ਤੁੜਾਊਂ''।ਉਹਨਾਂ ਦੇ ਚਰਨ ਸਪਰਸ਼ ਕਰ ਕੇ ਮਨੁੱਖੀ ਮਨਾਂ ਦਾ ਸਦੀਆਂ ਦਾ ਹਨੇਰਾ ਮਿਟ ਜਾਂਦਾ ਸੀ ਅਤੇ ਮਨੁੱਖ-ਮਾਤਰ ਦੀ ਸੇਵਾ ਰਾਹੀਂ ਪ੍ਰਮਾਤਮਾ-ਪ੍ਰਾਪਤੀ ਦਾ ਅਥਾਹ ਚਾਅ ਠਾਠਾਂ ਮਾਰਨ ਲੱਗ ਪੈਂਦਾ ਸੀ। ਏਸ ਅਧਿਆਤਮਕ ਕ੍ਰਿਸ਼ਮੇ ਨੂੰ ਮੂਰਤੀਮਾਨ ਕਰਦੀਆਂ, ਕੌਡੇ ਰਾਖਸ਼ਸ ਤੋਂ ਲੈ ਕੇ ਬੰਦਾ ਬਹਾਦਰ ਦੀ ਕਥਾ ਤੱਕ, ਅਨੇਕਾਂ ਕਥਾਵਾਂ ਹਨ। ਗੁਰੂ-ਕਾਲ ਉਪਰੰਤ ਵੀ ਇਹ ਪ੍ਰਕਿਰਿਆ ਜੁਗੋ-ਜੁਗ ਅਟੱਲ ਗੁਰੂ ਗ੍ਰੰਥ ਦੀ ਕਿਰਪਾਨਾਲ ਜਾਰੀ ਹੈ। ਨਾਨਕ ਕਲਗ਼ੀਧਰ ਦੀ ਅਧਿਆਤਮਕ ਛੁਹ ਲਗਾਤਾਰ 'ਤ੍ਰਿਣ' ਤੋਂ 'ਮੇਰ' ਕਰਦੀ ਰਹੀ ਹੈ ਅਤੇ ਸਦਾ ਕਰਦੀ ਰਹੇਗੀ।

ਏਸ ਰਹੱਸ ਨੂੰ ਨਾ ਸਮਝਣ ਵਾਲੀਆਂ ਸੱਭਿਅਤਾਵਾਂ ਭੰਬਲਭੂਸੇ ਵਿੱਚ ਪੈ ਕੇ ਆਪਣੇ ਹੈਰਾਨ ਮਨਾਂ ਨੂੰ ਅਪੂਰਣ ਅਕਲ ਦੇ ਠੁੰਮ੍ਹਣੇ ਲਾ ਕੇ ਪੇਤਲੇ ਜਿਹੇ ਨਿਰਣੇ ਉੱਤੇ ਪਹੁੰਚਦੀਆਂ ਹਨ। ਪਿਛਲੇ ਸਮਿਆਂ ਵਿੱਚ ਸਿੱਖੀ ਵਿੱਚ ਸ਼ਹਾਦਤ ਨੂੰ ਸਮਝਣ ਲਈ ਜੋ ਪੱਛਮ ਦਾ ਯਤਨ ਹੋਇਆ ਉਹ ਏਸੇ ਪ੍ਰਭਾਵ ਅਧੀਨ ਕਿਸੇ ਸਾਰਥਕ ਸਿਰੇ ਨਾ ਲਾਇਆ ਜਾ ਸਕਿਆ। ਏਸੇ ਪ੍ਰਕਾਰ ਗੁਰਮੁਖੀ ਕਦਰਾਂ-ਕੀਮਤਾਂ ਨੂੰ ਸਮਝਣ ਦਾ ਯਤਨ ਕਰਨ ਵਾਲੇ ਹਿਊ ਮੈਕਲਾਉਡ ਅਤੇ ਓਸ ਦੇ ਦੇਸੀ, ਨੀਮ-ਵਿਦੇਸ਼ੀ ਤੇ ਵਿਦੇਸ਼ੀ ਚੇਲੇ ਏਸੇ ਕਿਸਮ ਦੀਆਂ ਕਈ ਭ੍ਰਾਂਤੀਆਂ ਦਾ ਸ਼ਿਕਾਰ ਰਹੇ ਅਤੇ ਪਿੰਡਾਂ ਦੇ ਬੂਝ-ਬੁਝਾਕਲਾਂ ਤੋਂ ਵੱਧ ਪਹੁੰਚ ਨਾ ਬਣਾ ਸਕੇ। ਹਿੰਦ ਦੀ ਸਥਾਈ-ਸੱਭਿਆਚਾਰਕ-ਬਹੁਗਿਣਤੀ (ਸਸਬਹੁ) ਦਾ ਸਿੱਖ ਇਤਿਹਾਸ ਨੂੰ ਸਮਝਣ ਦਾ ਯਤਨ ਇੱਕ ਵਿਲੱਖਣ ਵਰਤਾਰਾ ਹੈ ਅਤੇ ਕਿਸੇ ਹੋਰ ਵਿਧੀ ਰਾਹੀਂ ਸਮਝਣਯੋਗ ਹੈ।

ਏਸ ਵਰਗ ਦੇ ਲੋਕ, ਸਿੱਖ ਇਤਿਹਾਸ ਅਤੇ ਗੁਰ-ਸ਼ਬਦ ਦੇ ਗੁਆਂਢ ਸਤਰਕ ਰਹਿ ਕੇ, ਸਭ ਵਰਤਾਰਾ ਜਿਸਮ ਅਤੇ ਮਨ ਦੀਆਂ ਅੱਖਾਂ ਨਾਲ ਵੇਖਦੇ ਅਤੇ ਘੋਖਦੇ ਰਹੇ ਹਨ ਪਰ ਉਹਨਾਂ ਦੀ ਪਹੁੰਚ ਸਦਾ ਭੁਲੇਖਾ ਪਾਉਣ ਅਤੇ ਗੁੰਮਰਾਹ ਕਰਨ ਦੀ ਰੁਚੀ ਨਾਲ ਲਿੱਬੜੀ ਰਹੀ ਹੈ। ਇਹਨਾਂ ਦੀ ਮਾਨਸਿਕਤਾ ਕਦਾਚਿਤ ਇਹ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਕਿ ਜਾਤੀ-ਪ੍ਰਥਾ ਦੇ ਦਾਇਰੇ ਨੂੰ ਤਿਲਾਂਜਲੀ ਦੇਣ ਮਾਤਰ ਨਾਲ ਹੀ ਮਨੁੱਖੀ ਮਨ ਦੇ ਹਜ਼ਾਰਾਂ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਅਨੇਕਾਂ 'ਪ੍ਰੇਤਹੁਂ ਦੇਵ' ਕਰਨ ਦੀਆਂ ਗੁਰਮੁਖੀ ਬਰਕਤਾਂ ਆਪਣੇ ਵਿੱਚ ਸਮਾ ਲੈਣ ਦੇ ਕਾਬਲ ਹੋ ਜਾਂਦੇ ਹਨ। ਅਨੰਤ ਦੀ ਉੱਚਾ ਚੁੱਕਣ ਵਾਲੀ ਏਸ ਕਿਸਮ ਦੀ ਝਲਕ ਇਹਨਾਂ ਦੇ ਇਤਿਹਾਸ ਵਿੱਚ ਸਦੀਆਂ ਤੋਂ ਮਨਫ਼ੀ ਹੈ ਅਤੇ ਅਗਾਂਹ ਨੂੰ ਪ੍ਰਗਟ ਹੋਣ ਦਾ ਕੁਈ ਬਾਨ੍ਹਣੂੰ ਅਜੇ ਬੰਨ੍ਹਿਆ ਨਹੀਂ ਜਾ ਸਕਿਆ। ਏਸ ਨਿਰਾਸ਼ਾਜਨਕ ਸਥਿਤੀ ਵਿੱਚ ਸਸਬਹੁ ਦੇ ਵਿਚਾਰਵਾਨ ਸਿੱਖ ਇਤਿਹਾਸ ਪ੍ਰਤੀ ਅਜੇਹਾ ਰੁਖ਼ ਅਪਣਾਉਂਦੇ ਹਨ ਜੋ ਇਹਨਾਂ ਦੇ ਸੱਭਿਆਚਾਰ ਦੇ ਗਰਕਾਊ ਪੱਖ ਉੱਤੇ ਗੂੜ੍ਹਾ ਕਾਲ਼ਾ ਪਰਦਾ ਪਾ ਕੇ ਇਹਨਾਂ ਦੀ ਅਥਾਹ ਨਮੋਸ਼ੀ ਨੂੰ ਢੱਕੀ ਰੱਖੇ ਅਤੇ ਸਿੱਖ ਸੱਭਿਆਚਾਰ ਦੀ ਮਹਾਨਤਾ ਤੋਂ ਆਮ ਲੋਕਾਂ ਨੂੰ ਬੇਖ਼ਬਰ ਰੱਖੇ।

ਅਜਿਹੀ ਕੁਟਲਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਪਣਾਈ ਪਹੁੰਚ ਦੇ ਕਈ ਪਹਿਲੂ ਹਨ। ਪਹਿਲਾ ਪਹਿਲੂ ਸਿੱਖ ਸੱਭਿਆਚਾਰ ਦੀ ਵਿਲੱਖਣਤਾ ਤੋਂ ਇਨਕਾਰੀ ਦਾ ਪਾਠ ਪੜ੍ਹਾਉਂਦਾ ਹੈ। ਏਸ ਪਹਿਲੂ ਦਾ ਇਹ ਗੁਣ ਹੈ ਕਿ ਇਹ ਅਨੁਸਰਣ ਦੀ ਲੋੜ ਤੋਂ ਵਿਰੋਧੀ ਸੱਭਿਆਚਾਰ ਨੂੰ ਮਹਿਫ਼ੂਜ਼ ਰੱਖਦਾ ਹੈ। ਦੂਜਾ ਪਹਿਲੂ ਹੈ ਸਿੱਖ ਸੱਭਿਆਚਾਰ ਦੀ ਉਪਜ ਉੱਤਮ ਮਨੁੱਖਾਂ ਨੂੰ ਇੱਕ ਕਾਲ਼ਾ-ਬੋਲ਼ਾ ਝੂਠ ਬੋਲ ਕੇ ਆਪਣੇ ਬੌਣੇ ਸੱਭਿਆਚਾਰ ਦਾ ਅੰਗ ਪ੍ਰਗਟਾ ਕੇ ਓਨ੍ਹਾਂ ਦੀ ਵਿਲੱਖਣ ਗੁਰਮੁਖੀ ਆਭਾ ਪ੍ਰਤੀ ਰੌਲ-ਘਚੌਲਾ ਪੈਦਾ ਕਰਨ ਦੀ ਚੇਸ਼ਟਾ ਕਰਨਾ। ਏਸ ਉਸ਼ਟਿਕਾ ਸੋਚ ਦੇ ਹੋਰ ਵੀ ਵਿੰਗੇ-ਟੇਢੇ ਪਹਿਲੂ ਹਨ ਜਿਨ੍ਹਾਂ ਦੀ ਵਿਆਖਿਆ ਏਥੇ ਪ੍ਰਸੰਗਕ ਨਹੀਂ।

ਸਸਬਹੁ ਦੀ ਏਸ ਮਾਨਸਿਕਤਾ ਦੇ ਪ੍ਰਗਟਾਵੇ ਦਾ ਸ਼ਿਕਾਰ ਅਦੁੱਤੀ ਸਿੱਖ ਸੱਭਿਆਚਾਰ ਦੇ ਅਨੇਕਾਂ ਚਾਨਣ-ਮੁਨਾਰੇ ਅਤੇ ਨਿਹਾਇਤ ਵਿਸ਼ਵ-ਕਲਿਆਣਕਾਰੀ ਕਦਰਾਂ-ਕੀਮਤਾਂ ਹੋ ਚੁੱਕੀਆਂ ਹਨ। ਗੁਰੂ ਨਾਨਕ, ਗੁਰੂ ਅਰਜਣ, ਗੁਰੂ ਹਰਗੋਬਿੰਦ, ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬਾਨ ਸਹਿਤ ਅਨੇਕਾਂ ਪਰਬਤਾਂ ਜਿੱਡੇ, ਕਾਅਬੇ ਵਰਗੇ ਪਾਕ ਮਸਤਕਾਂ ਵਾਲੇ ਸਿੱਖ, ਸਸਬਹੁ ਦੇ ਲੁਕਵੇਂ ਘਾਤ ਦਾ ਨਿਸ਼ਾਨਾ ਬਣ ਚੁੱਕੇ ਹਨ। ਅਨੇਕਾਂ ਕਮਲ-ਫੁੱਲਾਂ ਵਰਗੀਆਂ ਨਿਰਮਲ ਅਤੇ ਪਾਕ ਛਬੀਆਂ ਉੱਤੇ ਚਿੱਕੜ ਉਛਾਲ ਕੇ ਚੰਨ ਉੱਤੇ ਥੁੱਕਣ ਦੀਆਂ ਕੁਚੇਸ਼ਟਾਵਾਂ ਹੋ ਚੁੱਕੀਆਂ ਹਨ।

ਹੀਣਭਾਵ ਨਾਲ ਲਿਬੜੇ ਸਸਬਹੁ ਦੇ ਨਿੱਘਰੀ ਸੋਚ ਵਾਲੇ ਵਿਚਾਰਵਾਨਾਂ ਦਾ ਪਿਛਲੇ ਸਮਿਆਂ ਵਿੱਚ ਵੱਡਾ ਨਿਸ਼ਾਨਾ ਪਰੋਪਕਾਰੀ ਯੋਧਾ ਬੰਦਾ ਸਿੰਘ ਬਹਾਦਰ ਵੀ ਰਿਹਾ ਹੈ। ਇਹ ਲਾਸਾਨੀ ਸੂਰਮਾ ਸਸਬਹੁ ਦੇ ਸੱਭਿਆਚਾਰ ਦੇ ਨਿਰੋਧ ਦਾ ਇੱਕ ਜਿਊਂਦਾ-ਜਾਗਦਾ ਪ੍ਰਤੀਕ ਹੈ। ਏਸ ਸੱਭਿਆਚਾਰ ਦੇ ਵੱਡੇ ਤੋਂ ਵੱਡੇ ਬੰਦਿਆਂ ਦੀ ਸੰਗਤ ਵਿੱਚ ਸਾਰੀ ਉਮਰ ਰਹਿ ਕੇ ਉਹ ਹਿਰਨੀ ਦੇ ਪੇਟੋਂ ਮਰੇ ਬੱਚੇ ਦਾ ਮਾਤਮ ਮਾਤਰ ਹੀ ਮਨਾਉਂਦਾ ਰਿਹਾ। ਪਰ ਜਦੋਂ ਓਸ ਨੇ ਮਹਾਂ-ਪਰੋਪਕਾਰੀ ਗੁਰੂ ਦੀ ਸ਼ਰਣ ਲਈ ਤਾਂ ਉਹ ਅੰਮ੍ਰਿਤ ਦੀ ਬੂੰਦ ਲਈ ਬਿਹਬਲ ਹੋ ਗਿਆ ਅਤੇ ਸਾਹਿਬਾਂ ਦੇ ਹਿੰਦ ਨੂੰ ਗ਼ੁਲਾਮੀ ਦੀ ਜ਼ਲਾਲਤ ਵਿੱਚੋਂ ਕੱਢਣ ਦੇ ਮਨਸੂਬੇ ਨੂੰ ਸਿਰੇ ਚਾੜ੍ਹਨ ਲਈ ਤਤਪਰ ਹੋ ਗਿਆ। ਫੇਰ ਏਸ ਬੇ-ਸਾਜ਼ੋ-ਸਾਮਾਨ ਜਰਨੈਲ ਨੇ ਕੇਵਲ ਗੁਰੂ-ਚਰਨਾਂ ਦਾ ਓਟ ਆਸਰਾ ਲੈ ਕੇ ਉਹ ਖੰਡਾ ਖੜਕਾਇਆ ਜਿਸ ਦੀ ਯਾਦ ਸਦੀਆਂ ਬਣੀ ਰਹੇਗੀ। ਅਸਰਾਰਿ ਸਮਦੀ ਦਾ ਕਰਤਾ ਓਸ ਦੇ ਕਾਰਨਾਮੇ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਬੰਗਾਲ ਤੋਂ ਲੈ ਕੇ ਰੂਮ ਤੱਕ ਕੁਈ ਵਿਰੋਧੀ ਯੋਧਾ ਨਹੀਂ ਸੀ ਜਿਸ ਦੇ ਚਿਹਰੇ ਉੱਤੇ ਗੁਰੂ ਦੇ ਏਸ ਬਹਾਦਰ ਦੇ ਫੱਟ ਦੀ ਲੀਕ ਨਾ ਉਕਰੀ ਗਈ ਹੋਵੇ।ਅੰਮ੍ਰਿਤ ਦੀ ਤਾਸੀਰ ਦਾ ਇਹ ਵੱਡਾ ਜਸ਼ਨ ਸੀ ਜੋ ਗੁਰੂ-ਹਜ਼ੂਰ ਦੀ ਪਹਿਲੀ ਸੁੱਚੀ ਯਾਦਗਾਰ ਹੋ ਨਿੱਬੜਿਆ। ਸੂਰਮਗਤੀ ਦੀ ਚਰਮ-ਸੀਮਾ ਨੂੰ ਛੂੰਹਦੇ ਅਜਿਹੇ ਸਿੰਘ ਦਾ ਸਸਬਹੁ ਦੇ ਨਾਪਾਕ ਇਰਾਦਿਆਂ ਦਾ ਸ਼ਿਕਾਰ ਬਣ ਜਾਣਾ ਕੁਈ ਅਚੰਭਾ ਨਹੀਂ। ਕੁਝ ਹਿੱਸਾ ਏਸ ਵਿੱਚ ਭੰਗੂ ਦੇ ਪੰਥ ਪ੍ਰਕਾਸ਼ ਦੇ ਗੁੱਝੇ ਭਾਵ ਨੂੰ ਨਾ ਸਮਝ ਸਕਣ ਵਾਲੇ ਸਿੱਖ ਵਿਦਵਾਨਾਂ ਨੇ ਵੀ ਪਾਇਆ। ਇੱਕ ਸਮੇ ਤਾਂ ਇਹਨਾਂ ਨੇ ਨਿਰਮਲ ਮਹਾਂ-ਮਾਨਵਾਂ ਦੇ ਦਲ ਵਿੱਚੋਂ ਹੀ ਏਸ ਸੂਰਮੇ ਨੂੰ ਨਿਖੇੜ ਦਿੱਤਾ ਸੀ ਪਰ ਏਸ ਦੀ ਆਭਾ ਦਾ ਦੀਵਾ ਸਦਾ ਸੁਚੇਤ ਸਿੱਖ-ਮਨਾਂ ਵਿੱਚ ਜਗਦਾ ਰਿਹਾ ਅਤੇ ਏਸ ਦੀ ਭੀਮਕਾਯ ਨੂੰ ਕੁਈ ਆਂਚ ਨ ਆਈ। ਏਸ ਦੇ ਕਈ ਪੁਖ਼ਤਾ ਕਾਰਣ ਹਨ।

ਇੱਕ ਸ਼ੱਕੀ ਤੱਥ ਹੈ ਜੋ ਸਿੰਘ ਸਜਣ ਤੋਂ ਪਹਿਲਾਂ ਦੇ ਬੰਦੇ ਨੂੰ ਵੈਰਾਗੀ ਮੱਤ ਦਾ ਧਾਰਨੀ ਪ੍ਰਚਾਰਦਾ ਹੈ। ਪਰ ਏਸ ਦੇ ਵਿਰੋਧ ਵਿੱਚ ਠੋਸ ਗਵਾਹੀ ਹੈ ਅਮਰਨਾਮਾ ਦੇ ਕਰਤਾ ਨੱਥ ਮੱਲ ਢਾਡੀ ਦੀ ਜਿਸ ਦਾ ਕਹਿਣਾ ਹੈ ਕਿ ਬੰਦਾ ਉਦਾਸੀ ਸਾਧੂ ਸੀ। ਨੱਥਮੱਲ ਢਾਡੀ ਨੂੰ ਸਾਹਿਬਾਂ ਨੇ ਬੰਦੇ ਨਾਲ ਸੰਪਰਕ ਕਰਨ ਦੀ ਹਿਦਾਇਤ ਕੀਤੀ ਸੀ ਅਤੇ ਉਹ ਲਗਾਤਾਰ ਓਸ ਨਾਲ ਗੰਭੀਰ ਵਾਰਤਾ ਵਿੱਚ ਰੁੱਝਿਆ ਹੋਇਆ ਸੀ। ਓਸ ਨੂੰ ਅੱਘੜਨਾਥ, ਆਤਮਾਰਾਮ ਆਦਿ ਦਾ ਚੇਲਾ ਅਤੇ ਜੋਗੀ, ਵੈਰਾਗੀ ਦੱਸਣ ਵਾਲੇ ਵਾਕ ਸੱਚਾਈ ਤੋਂ ਕੋਹਾਂ ਦੂਰ ਹਨ ਕਿਉਂਕਿ ਇਹਨਾਂ ਦੀ ਪੁਸ਼ਟੀ ਕਿਸੇ ਵੀ ਇਤਿਹਾਸਕ ਸੋਮੇ ਤੋਂ ਨਹੀਂ ਹੁੰਦੀ। ਉਦਾਸੀ ਆਪਣੇ-ਆਪ ਨੂੰ ਗੁਰੂ ਨਾਲ ਸਬੰਧਤ ਦੱਸਦੇ ਹਨ ਅਤੇ ਸਿੱਖੀ ਦੀ ਭਰਪੂਰ ਜਾਣਕਾਰੀ ਰੱਖਦੇ ਹਨ। ਗੁਰੂ ਨਾਲ ਪਹਿਲੀ ਮਿਲਣੀ ਸਮੇਂ ਜੋ ਪਹਿਲੇ ਦੋ ਵਾਕ ਬੋਲੇ ਗਏ ਉਹ ਵੀ ਬੰਦੇ ਦੇ ਉਦਾਸੀ ਹੋਣ ਦੀ ਪੁਸ਼ਟੀ ਕਰਦੇ ਹਨ। ਗੁਰੂ ਦੀ ਪੁੱਛ ਦੇ ਜੁਆਬ ਵਿੱਚ ਬੰਦੇ ਦਾ ਸਾਹਿਬਾਂ ਦੇ ਚਰਨਾਂ ਨੂੰ ਲਿਪਟ ਕੇ ਅਥਾਹ ਸ਼ਰਧਾ ਨਾਲ ਆਖਣਾ: 'ਮੈਂ ਤੇਰਾ ਬੰਦਾ ਹਾਂ', ਸਪਸ਼ਟ ਸੰਕੇਤ ਕਰਦਾ ਹੈ।

ਕੂੜੇ ਦਾਅਵੇ ਖੇੜੇ ਕਰੇਂਦੇ, ਮੈਂ ਕਦ ਖੇੜਿਆਂ ਦੀ ਆਹੀ।
ਮੈਡੀ ਤੇ ਮਾਹੀ ਦੀ ਪ੍ਰੀਤ ਚਿਰੋਕੀ, ਜਦੋਂ ਚੂਚਕ ਮੂਚਕ ਨਾਹੀਂ।

ਖੰਡੇ ਦੀ ਪਾਹੁਲ, ਜਿਸ ਦੀ ਓਸ ਨੂੰ ਤੀਬਰ ਤਲਬ ਸੀ, ਬਖਸ਼ੀ ਗਈ ਅਤੇ ਉਪਰੰਤ ਓਸ ਦਾ ਨਾਂਅ ਹੋਇਆ ਬੰਦਾ ਸਿੰਘ। ਸਿਰਦਾਰ ਕਪੂਰ ਸਿੰਘ ਅਨੁਸਾਰ ਓਸ ਦਾ ਫ਼ਉਜੀ ਲਕਬ ਹੋਇਆ 'ਬਹਾਦਰ'। ਪਾਹੁਲ ਦੇ ਨੇਮਾਂ ਤੋਂ ਵਾਕਫ਼ ਹਰ ਕੋਈ ਜਾਣਦਾ ਹੈ ਕਿ ਏਸ ਕੂਚੇ ਵਿੱਚ ਪੈਰ ਧਰਨ ਤੋਂ ਪਹਿਲਾਂ ਹਰ ਕਿਸਮ ਦੇ ਭਰਮਾਂ-ਵਹਿਮਾਂ ਵੱਲੋਂ ਮਰ ਜਾਣਾ ਹੁੰਦਾ ਹੈ। (''ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥'' ਅਤੇ ''ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥'' ਸੱਚੇ ਸਾਹਿਬ ਦੇ ਫੁਰਮਾਨ ਹਨ।) ਏਸ ਮੰਜ਼ਲ ਤੱਕ ਪਹੁੰਚਣ ਲਈ ਕਈ ਗਹਿਰ-ਗੰਭੀਰ ਸੰਕਲਪ ਲੈਣੇ ਪੈਂਦੇ ਹਨ। ਮਸਲਨ ਕਿਰਤ ਨਾਸ਼, ਕਰਮ ਨਾਸ਼, ਧਰਮ ਨਾਸ਼, ਕੁਲ ਨਾਸ਼, ਭਰਮ ਨਾਸ਼ ਹੋ ਕੇ ਜਦੋਂ ਸੱਚ ਦੀ ਪ੍ਰਚੰਡ ਰੌਸ਼ਨੀ ਦਾ ਹਿੱਸਾ ਬਣ ਲਟ-ਲਟ ਬਲ਼ਦੀ ਅਲਫ਼ ਨੰਗੀ ਆਤਮਾ ਲੈ ਕੇ ਹਜ਼ੂਰੀ ਵਿੱਚ ਆਈਦਾ ਹੈ ਤਾਂ ਸਿਦਕ, ਪਰਉਪਕਾਰ ਦਾ ਸਿਰੋਪਾ ਬਖ਼ਸ਼ ਕੇ ਸੱਚਾ ਸਤਿਗੁਰੂ ਪ੍ਰਚੰਡ ਆਤਮਾ ਉੱਤੇ ਜਦੋਂ ਅੰਮ੍ਰਿਤ ਦੇ ਛੱਟੇ ਮਾਰਦਾ ਹੈ ਤਾਂ ਹੀ ਮੰਜ਼ਿਲ ਦੇ ਦਰਸ ਨਸੀਬ ਹੁੰਦੇ ਹਨ। ਬੰਦੇ ਦਾ ਤਲਿਸਮੀ ਗਰੂਰ, ਜੋਗੀ (ਅੱਘੜ ਨਾਥ) ਦੀਆਂ ਸਿੱਖਿਆਵਾਂ, ਆਤਮਾ ਰਾਮ ਦੇ ਕੁੱਲ ਉਪਦੇਸ਼ ਜੇ ਓਸ ਦੀ ਆਤਮਾ ਦੀ ਲਾਟ ਵਿੱਚ ਭੜ ਭੜ ਕਰ ਕੇ ਮੱਚੇ ਸਨ ਤਾਂ ਹੀ ਉਹ ਸਿੰਘ ਅਖਵਾਉਣ ਦਾ ਹੱਕਦਾਰ, ਸਿੰਘ ਬਿਰਤੀ ਵਿੱਚ ਵਿਚਰਨ ਵਾਲਾ ਅੰਮ੍ਰਿਤਧਾਰੀ ਖ਼ਾਲਸਾ ਹੋਇਆ ਸੀ। ਜੋਗ, ਵੈਰਾਗ, ਉਦਾਸ ਨੂੰ ਤਿਲਾਂਜਲੀ ਦੇਣ ਉਪਰੰਤ ਹੀ ਓਸ ਨੇ ਵਿਆਹ ਕਰਵਾਇਆ ਸੀ ਅਤੇ ਅਗੰਮੀ ਸ਼ਹੀਦਾਂ ਦੇ ਕਾਫ਼ਲੇ ਵਿੱਚ ਪੱਕੇ ਤੌਰ ਉੱਤੇ ਹਿੱਸਾ ਪਾਉਣ ਲਈ ਇੱਕ ਮਲੂਕੜੇ ਜਿਹੇ ਪੁੱਤ ਨੂੰ ਜਨਮ ਦਿੱਤਾ ਸੀ। ਵੈਰਾਗੀ ਮੱਤ ਦੇ ਧਾਰਨੀ ਆਦਿ ਸ਼ੰਕਰਾਚਾਰੀਆ ਨੂੰ ਤਾਂ ਅਗਲਿਆਂ ਸਸਕਾਰ ਹਿਤ ਮਾਂ ਦੇ ਸਰੀਰ ਨੂੰ ਚੁੱਕਣ ਉੱਤੇ ਹੀ ਮੱਤ ਵਿੱਚੋਂ ਛੇਕ ਦਿੱਤਾ ਸੀ। ਵੈਰਾਗ ਦੇ ਭੂਤ ਤੋਂ ਮੁਕੰਮਲ ਨਿਜਾਤ ਹਾਸਲ ਕਰਨ ਲਈ ਹੀ ਸਾਰੀ ਉਮਰ ਬ੍ਰਹਮਚਾਰੀ ਰਹਿਣ ਵਾਲੇ ਬੰਦੇ ਨੇ ਗ੍ਰਹਿਸਤ ਵਿੱਚ ਪ੍ਰਵੇਸ਼ ਕੀਤਾ ਸੀ। ਅਗਿਆਨਤਾ ਦੇ ਹਨੇਰੇ ਵਿੱਚ ਮੁਕੰਮਲ ਤੌਰ ਉੱਤੇ ਡੁੱਬਿਆ ਹੋਇਆ ਮਨੁੱਖ ਹੀ ਓਸ ਨੂੰ ਅਜੇ ਵੀ ਵੈਰਾਗੀ ਲਕਬ ਨਾਲ ਸੰਬੋਧਨ ਕਰ ਸਕਦਾ ਹੈ ਜਾਂ ਫ਼ੇਰ ਉਹ ਮਨੁੱਖ ਜਿਸ ਵਿੱਚ ਸੰਕੀਰਨਤਾ ਦਾ ਵਹਾਅ ਏਨਾਂ ਪ੍ਰਬਲ ਹੋਵੇ ਕਿ ਉਹ ਓਸ ਦੀ ਸਪਸ਼ਟ ਕੀਤੀ ਮਨਸ਼ਾ ਵਿਰੁੱਧ ਵੀ ਓਸ ਨੂੰ ਮਨਮਰਜ਼ੀ ਦੀ ਵਿਚਾਰਧਾਰਾ ਵਿੱਚ ਸਮਾਉਣ ਦਾ ਸੰਕਲਪ ਕਰੀ ਬੈਠਾ ਹੋਵੇ।

ਸਤਿਗੁਰੂ ਦੇ ਨਾਸ਼ ਸਿਧਾਂਤ ਦਾ ਧਾਰਨੀ ਹੋਣ ਉਪਰੰਤ ਵੀ ਉਸ ਨੇ ਅਧੂਰਾ ਰਹਿਣਾ ਸੀ ਜੇ ਅਹਿੰਸਾ ਦਾ ਪਹਾੜ ਜਿੱਡਾ ਬੁੱਤ ਓਸ ਦੇ ਮਨੋਵੇਗ ਉੱਤੇ ਆਪਣਾ ਕਬਜ਼ਾ ਕਾਇਮ ਕਰੀ ਰੱਖਦਾ। ਇਹ ਬੁੱਤ ਮਨੁੱਖਤਾ ਦੀ ਹੋ ਰਹੀ ਅਧੋਗਤੀ ਤੋਂ ਓਸ ਨੂੰ ਮੁਕੰਮਲ ਤੌਰ ਉੱਤੇ ਬੇਖ਼ਬਰ ਰੱਖ ਰਿਹਾ ਸੀ। 'ਸੁਜਾਨ ਵੈਦ' ਨੇ ਮਰਜ਼ ਵੀ ਬੁੱਝਿਆ ਅਤੇ ਓਸ ਦਾ ਪੱਕਾ ਇਲਾਜ ਵੀ ਕੀਤਾ। ਸੂਰਜ ਗ੍ਰਹਿਣ ਵਾਲੇ ਦਿਨ ਸੱਚੇ ਸਾਹਿਬ ਨੇ ਉਸ ਦੇ ਸਿੰਘਾਸਣ ਨੂੰ ਭਾਗ ਲਾਏ ਅਤੇ ਇੱਕੋ ਸਾਂਗ ਨਾਲ ਓਸ ਦੇ ਅਹਿੰਸਾ ਦੇ ਬੁੱਤ ਨੂੰ ਚਕਨਾਚੂਰ ਕਰ ਦਿੱਤਾ। (ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ॥) ਏਸੇ ਤੱਥ ਨੂੰ ਪ੍ਰਗਟ ਕਰਦਾ ਹੋਇਆ ਹਰਿੰਦਰ ਸਿੰਘ ਮਹਿਬੂਬ ਕਹਿੰਦਾ ਹੈ, 'ਸਤਿਗੁਰ ਮਹਾਂ ਫ਼ਕੀਰ' ਨੇ ਬਿਰਧ ਬੁੱਤ ਨੂੰ ਇਕੋ ਹੱਲੇ ਢਾਅ ਢੇਰੀ ਕਰ ਦਿੱਤਾ। ਫ਼ੇਰ ਤਿਆਰ ਹੋਇਆ ਉਹ ਬੰਦਾ ਜਿਸ ਨੇ ਤੇਗ਼ ਫੜ ਕੇ ਅਧਰਮ ਦਾ ਰਾਜ ਨਾਸ ਕਰ ਦਿੱਤਾ।

''ਵੈਰਾਗੀ, ਵੈਰਾਗੀ'' ਦੀ ਰੱਟ ਲਾਉਣ ਵਾਲੇ ਇਹ ਵੀ ਨਹੀਂ ਦੱਸਦੇ ਕਿ ਕਿਹੜੇ ਪ੍ਰਮੁੱਖ ਵੈਰਾਗੀ ਰਣਤੱਤੇ ਵਿੱਚ ਜੂਝਣ ਲਈ ਓਸ ਦੇ ਹਮਸਫ਼ਰ ਬਣੇ। ਜੇ ਉਹ ਸੱਚਮੁੱਚ ਹੀ ਵੈਰਾਗੀ ਸੀ ਤਾਂ ਓਸ ਨਾਲ ਵੈਰਾਗੀਆਂ ਦੀ ਕੁਈ ਫ਼ਉਜ ਕਿਉਂ ਨ ਚੜ੍ਹੀ? ਓਸ ਦੇ ਹਮਰਕਾਬ ਸਨ ਕੇਵਲ ਅਤੇ ਕੇਵਲ ਗੁਰੂ ਦੇ ਅੰਮ੍ਰਿਤਧਾਰੀ ਸਿੰਘ ਜਾਂ ਪੰਜ ਕੁ ਹਜ਼ਾਰ ਮੁਸਲਮਾਨ ਸਿਪਾਹੀ ਜਿਨ੍ਹਾਂ ਦੇ ਪੀਰਾਂ ਨੇ ਗੁਰੂ-ਹਜ਼ੂਰ ਦੇ ਮਾਸੂਮ ਬਦਨ ਉੱਤੇ ਨਿਰਾ ਨੂਰ ਹੋ ਬਰਸਦਾ ਅੱਲਾਹ ਦੀ ਰਹਿਮਤ ਦਾ ਮੀਂਹ ਵੇਖਿਆ ਸੀ; ਜਿਨ੍ਹਾਂ ਨੇ ਨਿੱਕੀਆਂ-ਨਿੱਕੀਆਂ ਬਾਹਵਾਂ ਵਿੱਚ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਕਲਾਵੇ ਵਿੱਚ ਲੈਣ ਦੀ ਤਤਪਰਤਾ ਦੇ ਦੀਦਾਰ ਕੀਤੇ ਸਨ। ਬੰਦਾ ਕੇਵਲ ਪੰਜ ਸਿੰਘਾਂ ਨੂੰ ਨਾਲ ਲੈ ਕੇ ਹਜ਼ੂਰੀ ਵਿੱਚੋਂ ਚੱਲਿਆ ਸੀ। ਥੋੜ੍ਹੇ ਸਮੇਂ ਦੇ ਵਕਫ਼ੇ ਨਾਲ ਉਸ ਕੋਲ ਪੱਚੀਆਂ ਦਾ ਕਾਫ਼ਲਾ ਹੋ ਗਿਆ ਸੀ। ਇਹਨਾਂ ਵਿੱਚ ਇੱਕ ਵੀ ਵੈਰਾਗੀ ਨਹੀਂ ਸੀ। ਓਸ ਦੇ ਨਾਲ ਸ਼ਹੀਦ ਹੋਣ ਵਾਲੇ ਸੱਤ ਸੌ ਗੁਰੂ ਕੇ ਲਾਡਲਿਆਂ ਵਿੱਚੋਂ ਕੇਵਲ ਇੱਕ ਨੂੰ ਹੀ ਹਿੰਦੂ (ਵੈਰਾਗੀ ਨਹੀਂ) ਹੋਣ ਦੇ ਭੁਲੇਖੇ ਓਸ ਦੀ ਮਾਂ ਦੀ ਕੀਤੀ ਰਹਿਮ ਦੀ ਅਪੀਲ ਕਾਰਣ ਛੱਡਿਆ ਗਿਆ ਸੀ। ਪਰ ਉਹ ਨੱਢੀ ਉਮਰ ਦੇ ਬਾਲ ਨੂੰ ਵੀ ਗ਼ੈਰ-ਸਿੱਖ ਅਖਵਾ ਕੇ ਜਿਊਂਦੇ ਰਹਿਣਾ ਦਰਕਾਰ ਨਹੀਂ ਸੀ। ਉਹ, ਖਫ਼ੀ ਖ਼ਾਨ ਅਨੁਸਾਰ, ਕਤਲਗਾਹ ਨੂੰ ਜਾਂਦੀ ਜੰਞ ਦਾ ਲਾੜਾ ਬਣ ਗਿਆ ਸੀ ਅਤੇ ਜੱਲਾਦ ਦੇ ਗੰਡਾਸੇ ਦਾ ਸਭ ਤੋਂ ਪਹਿਲਾ ਵਾਰ ਓਸੇ ਨੇ ਸਹਿਆ ਸੀ।

ਇੱਕ ਇਤਿਹਾਸਕਾਰ ਅਨੁਸਾਰ ਬੰਦੇ ਨੂੰ ਆਤਮਾਰਾਮ ਵੈਰਾਗੀ ਮਿਲਿਆ ਅਤੇ ਓਸ ਨੇ ਓਸ ਦੇ ਨਾਲ ਪੰਜਾਬ ਚੱਲਣ ਦੀ ਪੇਸ਼ਕਸ਼ ਨੂੰ ਬਿਨਾ ਸੋਚੇ-ਵਿਚਾਰੇ ਠੁਕਰਾ ਦਿੱਤਾ ਸੀ ਅਤੇ ਫ਼ਿਟਕਾਰਾਂ ਪਾਈਆਂ ਸਨ।

ਬੰਦਾ ਖ਼ਾਲਸਾ ਫ਼ਉਜ ਦਾ ਜਰਨੈਲ ਬਣ ਕੇ ਖ਼ਾਲਸੇ ਦੀ ਦੇਖ-ਰੇਖ ਹੇਠ ਅਜਿਹਾ ਸਰਬ-ਸਾਂਝਾ ਲੋਕ-ਰਾਜ ਕਾਇਮ ਕਰਨ ਆਇਆ ਸੀ ਜਿਹੋ ਜਿਹਾ ਇਤਿਹਾਸ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਸਰਹੰਦ ਤੋਂ ਉੱਜੜੇ ਲੋਕਾਂ ਬਾਦਸ਼ਾਹ ਪਾਸ ਜਾ ਗੁਹਾਰ ਲਾਈ। ਓਸ ਨੇ ਪੁੱਛਿਆ ਬੰਦਾ ਕੌਣ ਹੈ? ਤਾਂ ਜੁਆਬ ਸੀ,''ਉਹ ਗੁਰੂ ਦਾ ਸਿੱਖ ਹੈ।'' ਇਹ ਇਤਿਹਾਸ ਦੇ ਪੰਨਿਆਂ ਉੱਤੇ ਉਕਰਿਆ ਸੱਚ ਹੈ। ਕਿਹੜੀ ਵਿਧੀ ਨਾਲ ਅਤੀਤ ਵਿੱਚ ਵਾਪਸ ਜਾ ਕੇ ਆਪਣੇ ਪੂਰਵਜਾਂ ਦੇ ਮੂੰਹਾਂ ਵਿੱਚੋਂ ਮਨ ਭਾਉਂਦੇ ਸ਼ਬਦ ਕਢਵਾਏ ਜਾ ਸਕਦੇ ਹਨ?

ਸਰਹੰਦ ਫ਼ਤਹਿ ਕਰਨ ਤੋਂ ਬਾਅਦ ਜਦੋਂ ਮੁਲਖੱਈਆ ਲੁੱਟ ਦੀਆਂ ਕੌਡੀਆਂ ਬਟੋਰ ਰਿਹਾ ਸੀ ਤਾਂ ਸਿਦਕੀ ਸਿੰਘ ਜਰਨੈਲ ਚਸ਼ਮਦੀਦ ਗਵਾਹਾਂ ਦੀ ਮਦਦ ਨਾਲ ਉਹ ਸਹੀ ਥਾਂਵਾਂ ਲੱਭ ਰਹੇ ਸਨ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ, ਜਿੱਥੇ ਮਾਤਾ ਸ਼ਹੀਦ ਹੋਈ, ਜਿੱਥੇ ਮਾਨਵਤਾ ਦੀ ਟਹਿਣੀ ਉੱਤੇ ਲੱਗੇ ਸਭ ਤੋਂ ਸੁਹਲ ਫੁੱਲਾਂ ਦਾ ਸਸਕਾਰ ਹੋਇਆ ਸੀ। ਓਥੇ ਉਹਨਾਂ ਨਿਸ਼ਾਨ ਗੱਡ ਕੇ ਦੇਹੁਰੇ ਸਥਾਪਤ ਕੀਤੇ ਨਾ ਕਿ ਵੈਰਾਗੀ ਮੱਠ। ਕੀ ਆਪਣੀ ਕੌਮ ਨੂੰ ਅਗਵਾਈ ਦੇਣ ਦਾ ਦਾਅਵਾ ਕਰਨ ਵਾਲੇ ਪਾਰਟੀ ਪ੍ਰਧਾਨਾਂ, ਮੰਤਰੀਆਂ ਆਦਿ ਕੋਲੋਂ ਇਹ ਤੱਥ ਇਤਿਹਾਸ ਨੇ ਲੁਕਾ ਕੇ ਰੱਖੇ ਹਨ ਜੋ ਇਹ ਵੈਰਾਗੀ ਵੈਰਾਗੀ ਦਾ ਤੋਤਾ ਰਟਨ ਕਰ ਰਹੇ ਹਨ? ਸੁੱਤਿਆਂ ਨੂੰ ਤਾਂ ਜਗਾਇਆ ਜਾ ਸਕਦਾ ਹੈ ਜਾਗਦਿਆਂ ਦਾ ਕੀ ਕਰੀਏ?

ਲੋਕਾਂ ਦਾ ਸਰਬ-ਸਾਂਝਾ ਰਾਜ ਕਾਇਮ ਕਰ ਕੇ ਬੰਦਾ ਬਹਾਦਰ ਨੇ ਸਿੱਕਾ ਚਲਾਇਆ ਗੁਰੂ ਨਾਨਕ ਗੋਬਿੰਦ ਸਿੰਘ ਦੇ ਨਾਂਅ ਦਾ, ਜਿਸ ਉੱਤੇ ਦੋਨਾਂ ਜਹਾਨਾਂ ਵਿੱਚ ਸੱਚੇ ਸਾਹਿਬ ਦਾ ਫ਼ਜ਼ਲ ਹੈ ਅਤੇ ਜਿਸ ਦੇ ਧਰਮਾਸੂਲ ਦੋਨਾਂ ਜਹਾਨਾਂ ਵਿੱਚ ਖ਼ਰੇ ਸਿੱਕੇ ਦੀ ਹੈਸੀਅਤ ਰੱਖਦੇ ਹਨ ਅਤੇ ਹਰ ਸੁਖਫਲ਼ਦਾਇਕ ਹਨ। ਆਪਣੇ ਰਾਜ ਦੀ ਮੁਹਰ ਬਣਾਇਆ ਓਸ ਸੁੱਚੀ ਭਾਵਨਾ ਨੂੰ ਜਿਸ ਵਿੱਚ ਗੁਰੂ ਕੀ ਦੇਗ਼ ਤੇਗ਼ ਦੀ ਫ਼ਤਹਿ ਦੀ ਕਾਮਨਾ ਕੀਤੀ ਗਈ ਸੀ। ਓਸ ਨੇ ਆਪਣੇ ਰਾਜ-ਪੱਤਰਾਂ ਵਿੱਚ ਖ਼ਾਲਸਾ ਰਹਿਤ ਰੱਖਣ ਦੀ ਪ੍ਰੇਰਨਾ ਕੀਤੀ ਅਤੇ ਮੁਗ਼ਲਾਂ ਦੇ ਅਖ਼ਬਾਰ ਨਵੀਸ ਲਿਖਦੇ ਹਨ ਕਿ ਉਹ ਹਰ ਆਉਣ ਵਾਲੇ ਨੂੰ ਪਾਹੁਲ ਛਕਣ ਦੀ ਤਾਕੀਦ ਕਰਦਾ ਅਤੇ ਸੱਦਾ ਪ੍ਰਵਾਨ ਕਰਨ ਵਾਲੇ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਉਂਦਾ। ਓਸ ਨੇ ਦੀਨਦਾਰ ਖਾਨ ਨੂੰ ਦੀਨਦਾਰ ਸਿੰਘ ਬਣਾਇਆ ਨਾ ਕਿ ਦੀਨਾ ਵੈਰਾਗੀ। ਜਿੰਨੇ ਹੁਕਮਰਾਨ ਓਸ ਨੇ ਸਥਾਪਤ ਕੀਤੇ ਸਾਰੇ ਸਿੰਘ ਸਨ, ਜਿਨ੍ਹਾਂ ਕੋਲੋਂ ਨਿਰਪੱਖ ਰਾਜ ਦੀ ਤਵੱਕੋਂ ਹੋ ਸਕਦੀ ਸੀ। ਪਤਾ ਨਹੀਂ ਓਸ ਦੇ ਸੁਭਾਅ ਜਾਂ ਕਰਨੀ ਦੀ ਕਿਸ ਪ੍ਰਮੁੱਖ ਅਲਾਮਤ ਨੂੰ ਮੁੱਖ ਰੱਖ ਕੇ ਓਸ ਨੂੰ ਵੈਰਾਗੀ ਵਾੜੇ ਵਿੱਚ ਧੱਕਿਆ ਜਾ ਰਿਹਾ ਹੈ? ਚਾਹੇ ਅਸੀਂ ਕਿੰਨੀਂ ਹਮਦਰਦੀ ਹਿੰਦੂ ਮੱਤ ਜਾਂ ਵੈਰਾਗ ਨਾਲ ਰੱਖਦੇ ਹੋਈੇਏ, ਇਤਿਹਾਸਕ ਤੱਥਾਂ ਨੂੰ ਝੁਠਲਾ ਨਹੀਂ ਸਕਦੇ। ਭੰਡੀ-ਪ੍ਰਚਾਰ ਦੇ ਵੀ ਹੱਦਾਂ-ਬੰਨੇ ਹੁੰਦੇ ਹਨ ਅਤੇ ਇਹ ਕੁਈ ਜਾਦੂ ਦੀ ਛੜੀ ਨਹੀਂ ਜੋ ਸਫ਼ੈਦ ਨੂੰ ਸਿਆਹ ਕਰ ਸਕਣ ਦੀ ਸ਼ਕਤੀ ਰੱਖਦੀ ਹੋਵੇ।

ਟੈਸਟ ਟਿਊਬ ਰਾਹੀਂ ਪੈਦਾ ਕੀਤੀ ਸੱਭਿਅਤਾ ਵਿੱਚ ਝੂਠੇ ਪ੍ਰਾਪੇਗੰਡੇ ਦਾ ਸ਼ਰਬਤ ਪਾ ਕੇ ਓਸ ਨੂੰ ਕੁਈ ਝੂਰਲੂ ਫੇਰ ਕੇ ਇਤਿਹਾਸ ਦੇ ਵਹਿਣਾਂ ਨੂੰ ਮੋੜਨ ਵਾਲੀਆਂ ਹੈਸੀਅਤਾਂ ਨਹੀਂ ਤਿਆਰ ਕੀਤੀਆਂ ਜਾ ਸਕਦੀਆਂ। ਸਸਬਹੁ ਨਾਲ ਗੁਰਮੁਖੀ ਸੱਭਿਆਚਾਰ ਦੀ ਹਮਦਰਦੀ ਹੈ ਕਿਉਂਕਿ ਇਹ ਇਹਨਾਂ ਦੇ ਸੱਭਿਆਚਾਰ ਦਾ ਪੂਰਕ ਹੈ। ਗੁਰਮੁਖੀ ਸੱਭਿਅਤਾ ਸਭ ਸੱਭਿਅਤਾਵਾਂ ਦੇ ਉੱਤਮ ਗੁਣਾਂ ਦੀ ਮਾਂ ਹੈ ਕਿਉਂਕਿ ਇਹ ਆਦਿ ਪੁਰਖ ਦੇ ਬਿਰਦ ਵਿੱਚੋਂ ਪੈਦਾ ਹੋਈਆਂ ਅਲਾਮਤਾਂ ਉੱਤੇ ਆਧਾਰਤ ਹੈ। ਅਸਲ ਸਨਾਤਨੀ ਮੱਤ ਇਹੋ ਹੈ ਜੋ ਸਦਾ ਥਿਰ ਪਰਮ ਪੁਰਖ ਦੀ ਮਰਜ਼ੀ ਨਾਲ ਮੁਕੰਮਲ ਤੌਰ ਉੱਤੇ ਇੱਕਸੁਰ ਹੈ। ਸਸਬਹੁ ਵਿੱਚ ਓਵੇਂ ਆਪਣੀ ਜੁੱਤੀ ਦੀ ਨੋਕ ਨੂੰ ਫੜ ਕੇ ਆਪਣੇ-ਆਪ ਨੂੰ ਉੱਚਾ ਚੁੱਕਣ ਦੀ ਸਮਰੱਥਾ ਨਹੀਂ ਜਿਵੇਂ ਸਿੱਖ-ਮੱਤ ਧਾਰਨੀਆਂ ਨੇ ਆਪਣ-ਆਪ ਨੂੰ ਚੁੱਕਿਆ ਸੀ। ਓਸ ਨੂੰ ਸਹਾਰੇ ਦੀ ਲੋੜ ਹੈ ਅਤੇ ਗੁਰਮਤਿ ਦਾ ਸਹਾਰਾ ਸਭ ਲਈ ਸਦਾ ਤਤਪਰ ਹੈ। ਮਹਾਨ ਆਤਮਾਵਾਂ ਨੂੰ ਧਾੜੇ ਮਾਰ ਕੇ, ਜੜ੍ਹੋਂ ਪੁੱਟ ਕੇ ਕਿਤੇ ਹੋਰ ਨਹੀਂ ਲਾਇਆ ਜਾ ਸਕਦਾ ਕਿਉਂਕਿ ਉਹਨਾਂ ਦੀ ਹੋਂਦ ਉਹਨਾਂ ਦੇ ਹਿਰਦੇ ਵੱਸਦਾ ਸੱਚ ਹੁੰਦਾ ਹੈ ਜਿਸ ਨੂੰ ਕੁਈ ਆਂਚ ਨਹੀਂ ਆ ਸਕਦੀ। ਚੋਰੀ ਚੱਕਾਰੀ ਦੇ ਨਿਹਫਲ਼ ਕੰਮ ਹੇਚ ਸਮਝ ਕੇ ਤਿਆਗਣੇ ਬਣਦੇ ਹਨ ਕਿਉਂਕਿ ਇਹ ਆਤਮਾ ਨੂੰ ਉੱਚਾ ਚੁੱਕਣ ਦੀ ਬਜਾਏ ਨੀਵੀਂ ਖਾਈ ਵਿੱਚ ਸੁੱਟਦੇ ਹਨ। ਕੀ ਕੁਈ ਸੁਣ ਰਿਹਾ ਹੈ?

ਗੁਰ ਫੁਰਮਾਨ ਹੈ, ''ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ''।ਜਿਨ੍ਹਾਂ ਨੇ ਪ੍ਰੇਤ ਤੋਂ ਦੇਵਤੇ ਤੇ ਮਾਣਸ ਤੋਂ ਦੇਵਤੇ ਬਣਨਾ ਹੈ ਉਹ ਦਸਮੇਸ਼ ਦਾ ਨਾਸ਼ ਸਿਧਾਂਤ ਅਪਣਾ ਕੇ ਅੰਮ੍ਰਿਤ ਦੇ ਪੰਜ ਚੁਲ਼ੇ ਛਕ ਕੇ ਹੀ ਬਣ ਸਕਦੇ ਹਨ। ਚਿੜੀਆਂ ਤੋਂ ਬਾਜ਼ ਬਣਨ ਦਾ ਵੀ ਏਹੋ ਤਰੀਕਾ ਹੈ; ਨਹੀਂ ਤਾਂ ਹਿੰਦ ਦੀ ਪੁਰਾਤਨ ਸੱਭਿਅਤਾ ਨੇ ਲੱਖਾਂ ਮਰਜੀਵੜੇ ਪੈਦਾ ਕੀਤੇ ਹੁੰਦੇ ਅਤੇ ਕਦੇ ਵੀ ਸਤਾਰਾਂ-ਸਤਾਰਾਂ ਸਾਲਾਂ ਦੇ, ਮੁਹੰਮਦ ਬਿਨ ਕਾਸਿਮ ਵਰਗੇ, ਛੋਕਰਿਆਂ ਨੇ ਸਦੀਆਂ ਦੇ ਤਾਜਾਂ ਨੂੰ ਠੁੱਡੇ ਨਾ ਮਾਰੇ ਹੁੰਦੇ; ਨਾ ਹੀ ਹਿੰਦ ਹਜ਼ਾਰ ਸਾਲ ਤੱਕ ਗ਼ੁਲਾਮ ਹੁੰਦੀ ਤੇ ਨਾ ਹੀ ਏਥੇ 'ਗ਼ੁਲਾਮ ਵੰਸ਼' ਵਧਦੇ-ਫੁੱਲਦੇ। ਜੋਗੀਆਂ, ਵੈਰਾਗੀਆਂ ਤੇ ਸਾਧਾਂ ਦੇ ਬੇਲਗ਼ਾਮ ਵੱਗ ਏਥੇ ਪਹਿਲਾਂ ਵੀ ਸਨ ਅਤੇ ਅੱਜ ਵੀ ਹਨ। ਭਖ਼ੇ ਮੈਦਾਨ ਵਿੱਚ ਤੇਗਾਂ ਓਹੀ ਸੂਤਦੇ ਹਨ ਜਿਨ੍ਹਾਂ ਨੂੰ ਖੰਡੇ-ਬਾਟੇ ਦੀ ਪਾਣ ਚੜ੍ਹੀ ਹੁੰਦੀ ਹੈ। ਇਹ ਰੁਤਬੇ ਤੇਜ਼-ਤਰਾਰ ਜ਼ੁਬਾਨਾਂ ਦੀ ਦੁਰਵਰਤੋਂ ਨਾਲ ਹਾਸਲ ਨਹੀਂ ਹੁੰਦੇ (''ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ॥'' ਅਤੇ ''ਛਾਡਿ ਸਿਆਨਪ ਬਹੁ ਚਤੁਰਾਈ॥ ਗੁਰ ਪੂਰੇ ਕੀ ਟੇਕ ਟਿਕਾਈ॥'' ਗੁਰੂ-ਫ਼ੁਰਮਾਨ ਹਨ)। ਇਹਨਾਂ 'ਸਿਆਣਪਾਂ' ਨੇ ਹਿੰਦ ਨੂੰ ਪਹਿਲਾਂ ਵੀ ਕਾਸੇ ਜੋਗਾ ਨਹੀਂ ਛੱਡਿਆ। ਮਹਾਂਭਾਰਤ ਦੀਆਂ ਅਠਾਰਾਂ-ਅਠਾਰਾਂ ਖੂਹਣੀਆਂ ਦੇ ਮਨੁੱਖੀ ਸਮੂਹ ਵਿੱਚੋਂ ਕੇਵਲ ਬਿਦਰ ਤੇ ਕਰਣ ਹੀ ਸਤਿਕਾਰਯੋਗ ਪਾਤਰ ਹਨ ਜਿਨ੍ਹਾਂ ਨੂੰ ਆਪਣੇ ਆਖਣ ਦਾ ਮਾਣ ਮਨੁੱਖਤਾ ਕਰ ਸਕਦੀ ਹੈ। ਇਹਨਾਂ ਵਰਗੇ ਹੀਰੇ ਤਾਂ ਗੁਰ-ਚਰਨ-ਛੋਹ ਪ੍ਰਾਪਤ ਪੰਜਾਬ ਦੀ ਮਿੱਟੀ ਨੇ ਨਿਰੰਤਰ ਉਗਲੇ ਹਨ। ਬਘੇਲ ਸਿੰਘ, ਬੋਤਾ ਸਿੰਘ, ਗਰਜਾ ਸਿੰਘ ਵਰਗੇ ਏਥੇ ਖੁੰਬਾਂ ਵਾਂਗ ਉੱਗੇ ਸਨ। ਅੱਜ ਵੀ ਏਸੇ ਵਿਧੀ, ਸਵੱਬ ਰਾਹੀਂ ਮਨੁੱਖਤਾ ਅਤੇ ਹਿੰਦ ਦਾ ਕਲਿਅਣ ਸੰਭਵ ਹੈ। ਝੂਠੀਆਂ-ਸੱਚੀਆਂ ਗੱਲਾਂ ਜੋੜ ਕੇ ਕਾਰਗਿਲ ਦੀ ਜੰਗ ਦੇ ਬਹਿਰੂਪੀਏ ਯੋਧਿਆਂ ਵਾਂਗ ਕਾਗ਼ਜ਼ੀ ਸ਼ੇਰ ਘੜੇ ਜਾ ਸਕਦੇ ਹਨ, ਅਰੋੜੇ ਦਾ ਸਨਮਾਨ ਕਿਸੇ ਮਾਣਕਸ਼ਾਹ ਨੂੰ ਧੱਕੇ ਨਾਲ ਦਵਾਇਆ ਜਾ ਸਕਦਾ ਹੈ, ਸਾਬਣ-ਪਾਣੀ ਪੀਣ ਦੇ ਸ਼ੌਕੀਨ ਜਨਰੈਲ ਵੀ ਕਈ ਪ੍ਰਗਟ ਹੋ ਜਾਣਗੇ ਪਰ ਲੜਾਈ ਦੇ ਮੈਦਾਨ ਵਿੱਚ ਜੂਝਣ ਵਾਲੇ ਦਸਮੇਸ਼ ਦੇ ਲੜ ਲੱਗ ਕੇ ਹੀ ਤਿਆਰ ਹੁੰਦੇ ਹਨ। ਈਰਖਾਵਾਂ, ਖੁਣਸਾਂ, ਹੁੱਜਤਾਂ ਨੂੰ ਤਿਆਗੋ ਅਤੇ ਸੱਚੇ ਦਿਲ ਨਾਲ ਗੁਰੂ ਕੇ ਧਰਮੀ ਸੂਰਮਿਆਂ ਨੂੰ ਅਪਣਾਉ। ਚੋਰੀਆਂ, ਚਲਾਕੀਆਂ, ਮਹਿਜ਼ ਲਫ਼ਜ਼ਾਂ ਦੀ ਵਰਤੋਂ ਨਾਲ ਸੰਸਾਰ ਦੀ ਕੁਈ ਸੱਭਿਅਤਾ ਕਦੇ ਮਹਾਨ ਨਹੀਂ ਬਣੀ ਸਗੋਂ ਕੇਵਲ ਆਪਣਾ ਸੱਭਿਆਚਾਰਕ ਨੰਗ ਵਿਖਾ ਕੇ ਸ਼ਰਮਸਾਰ ਹੀ ਹੋਈ ਹੈ। ਮਹਾਂਵਾਕ ਹੈ, ''ਨੰਗਾ ਦੋਜਕਿ ਚਾਲਿਆ ਤਾ ਦਿਸੇ ਖਰਾ ਡਰਾਵਣਾ॥'' ਮੁਰਦਾਰ ਖਾਣੀਆਂ ਗਿਰਝਾਂ ਦੀ ਮਾਨਸਿਕਤਾ, ਧਾੜਵੀ ਬਿਰਤੀ ਕਿਸੇ ਸੱਭਿਆਚਾਰ ਨੂੰ ਮਹਾਨ ਨਹੀਂ ਬਣਾ ਸਕਦੀਆਂ ਅਤੇ ਸਦਾ ਤਿਆਗਣਯੋਗ ਹਨ।

1 comment:

  1. Gurtej Singhji,

    I should say thanks for revealing a 'new' historical fact that Banda Bahadar had 5,000 Muslims when he left Nander for Punjab. If you excuse my curiosity, what is the source of this fact. You have also emphsized that there was not a single Hindu in Banda's militia/army which avenged atrocities heaped on Sikhs. Am I correct in my analysis of your present essay i.e. no Hindu in banda's army.

    Regards

    Paritosh Parasher
    paritoshparasher@yahoo.com

    ReplyDelete